ਜਲੰਧਰ/ਫਗਵਾੜਾ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਐਲਾਨਾਂ ਵਾਲਾ ਮੁੱਖਮੰਤਰੀ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਬਹੁਜਨ ਸਮਾਜ ਦੇ ਹਮਾਇਤੀ ਹੋਣ ਦਾ ਨਕਾਬ ਪਹਿਨਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਮੁੱਖ ਮੰਤਰੀ ਚੰਨੀ ਕੋਲ ਐਲਾਨਾਂ ਦਾ ਪਿਟਾਰਾ ਹੈ ਜਿੱਥੇ ਵੀ ਜਾਂਦੇ ਹਨ ਆਪਣਾ ਪਿਟਾਰਾ ਖੋਲ੍ਹਕੇ ਐਲਾਨਾਂ ਦੀ ਝੜੀ ਲਾ ਦਿੰਦੇ ਹਨ ਪਰ ਇਹ ਐਲਾਨ ਸਿਰਫ ਸਟੇਜਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ ਜ਼ਮੀਨੀ ਪੱਧਰ ’ਤੇ ਉਸ ’ਤੇ ਕੋਈ ਕੰਮ ਨਹੀਂ ਹੁੰਦਾ। ਸ. ਗੜ੍ਹੀ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਅਖਬਾਰਾਂ ਵਿਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 72 ਦਿਨਾਂ ਦੇ ਕਾਰਜਕਾਲ ਦਾ ਲੇਖਾ-ਜੋਖਾ ਜਾਰੀ ਕੀਤਾ ਗਿਆ।
ਗੜ੍ਹੀ ਨੇ ਕਿਹਾ ਕਿ ਇਨ੍ਹਾਂ ਇਸ਼ਤਿਹਾਰਾਂ ਵਿਚ ਮੁੱਖ ਮੰਤਰੀ ਵੱਲੋਂ ਕੀਤੇ 60 ਐਲਾਨ ਪ੍ਰਕਾਸ਼ਤ ਕੀਤੇ ਗਏ ਹਨ ਜਿਨ੍ਹਾਂ ਵਿਚ ਪੰਜਾਬ ਦੇ 55 ਪਿੰਡਾਂ ਦੇ 4846 ਪਰਿਵਾਰਾਂ ਨੂੰ ਲਾਲ ਲਕੀਰ ਤੋਂ ਬਾਹਰ ਕਰਨ ਦਾ ਜ਼ਿਕਰ ਕੀਤਾ ਗਿਆ ਹੈ। ਸ. ਗੜ੍ਹੀ ਨੇ ਚੰਨੀ ਸਰਕਾਰ ਤੋਂ ਸਵਾਲ ਕਰਦਿਆਂ ਪੁੱਛਿਆ ਕਿ 72 ਦਿਨਾਂ ਵਿਚ ਤੁਸੀਂ ਸਿਰਫ 55 ਪਿੰਡ ਹੀ ਕਵਰ ਕਰ ਸਕੇ? ਬਾਕੀ ਪਿੰਡਾਂ ਦਾ ਕੀ ਬਣਿਆ ਉਸ ਦਾ ਕੋਈ ਜ਼ਿਕਰ ਨਹੀਂ। ਗੜ੍ਹੀ ਨੇ ਅੱਗੇ ਕਿਹਾ ਕਿ ਤੁਸੀਂ ਲਿਖਿਆ ਕਿ ਅਸੀਂ 30 ਹਜ਼ਾਰ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ। ਪੰਜਾਬ ਵਿਚ ਡੇਢ ਕਰੋੜ ਤੋਂ ਵੱਧ ਗਰੀਬ ਪਰਿਵਾਰ ਹਨ ਤੇ ਤੁਸੀਂ 72 ਦਿਨਾਂ ਵਿਚ ਸਿਰਫ 30 ਹਜ਼ਾਰ ਪਰਿਵਾਰਾਂ ਨੂੰ ਹੀ ਕਵਰ ਕੀਤਾ। ਛੱਤੀ ਲੱਖ ਗਰੀਬ ਪਰਿਵਾਰਾਂ ਨੂੰ ਕਵਰ ਕਰਨ ਲਈ ਤੁਹਾਨੂੰ ਹੋਰ ਕਿੰਨੇ ਸਾਲ ਲੱਗਣੇ ਹਨ ਗਰੀਬਾਂ ਨੂੰ ਇਹ ਵੀ ਦੱਸੋ।
ਸ. ਗੜ੍ਹੀ ਨੇ ਮੁੱਖ ਮੰਤਰੀ ਚੰਨੀ ’ਤੇ ਭਾਵਨਾਤਮਕ ਸਿਆਸਤ ਖੇਡ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਤੁਸੀਂ ਕਿਹਾ ਕਿ ਅਸੀਂ ਹਰੇਕ ਜ਼ਿਲੇ ਵਿਚ ਡਾ. ਅੰਬੇਡਕਰ ਜੀ ਦੇ ਨਾਂ ’ਤੇ ਅੰਬੇਡਕਰ ਭਵਨ ਬਣਾਵਾਂਗੇ ਜਦੋਂ ਕਿ ਅੰਬੇਡਕਰ ਭਵਨ ਹਰ ਜ਼ਿਲ੍ਹੇ ਵਿੱਚ ਪਹਿਲਾ ਹੀ ਮੌਜੂਦ ਹੈ। ਗੁਰੂਆਂ ਦੇ ਨਾਂ ’ਤੇ ਚੇਅਰਾਂ ਸਥਾਪਤ ਕੀਤੀਆਂ ਜਾਣਗੀਆਂ, ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ’ਤੇ ਏਅਰਪੋਰਟ ਦਾ ਨਾਂ ਅਤੇ ਚਹੁੰ ਮਾਰਗੀ ਰਾਜਮਾਰਗ ਬਣਾਇਆ ਜਾਵੇਗਾ। ਅੱਜ ਬਹੁਜਨ ਸਮਾਜ ਤੁਹਾਡੇ ਤੋਂ ਪੁੱਛਦਾ ਹੈ ਕਿ ਅੰਬੇਡਕਰ ਭਵਨ ਲਈ ਕਿੰਨੇ ਟੈਂਡਰ ਜਾਰੀ ਕੀਤੇ, ਗੁਰੂਆਂ ਦੇ ਨਾਂ ’ਤੇ ਚੇਅਰਾਂ ਸਥਾਪਤ ਕਰਨ ਲਈ ਕਿੰਨਾ ਫੰਡ ਜਾਰੀ ਹੋਇਆ ਅਤੇ ਕਿੰਨੀਆਂ ਨਿਯੁਕਤੀਆਂ ਕੀਤੀਆਂ, ਕਿੰਨੇ ਪ੍ਰੋਫੈਸਰ ਲਗਾਏ। ਤੁਸੀਂ ਬੰਗਾ ਵਿਧਾਨ ਸਭਾ ਵਿਚ ਐਲਾਨ ਕੀਤਾ ਸੀ ਕਿ ਡਾ. ਅੰਬੇਡਕਰ ਜੀ ਦੇ ਨਾਂ ’ਤੇ ਡਿਗਰੀ ਕਾਲਜ ਬਣਾਵਾਂਗੇ, ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ’ਤੇ ਏਅਰਪੋਰਟ ਅਤੇ ਚਹੁੰ ਮਾਰਗੀ ਰਾਜਮਾਰਗ ਬਣਾਇਆ ਜਾਵੇਗਾ ਪਰ ਤੁਹਾਡੇ ਅਖਬਾਰੀ ਪਰਚਾਰ ਵਿੱਚ ਐਲਾਨਨਾਮੇ ਵਿਚ ਇਨ੍ਹਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ। ਬਹੁਜਨ ਸਮਾਜ ਇਸ ਦਾ ਜਵਾਬ ਮੰਗਦਾ ਹੈ। ਸ. ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਬਹੁਜਨ ਸਮਾਜ ਦਾ ਨਕਲੀ ਆਗੂ ਹੈ। ਅਸਲੀ ਨੇਤਾ ਤਾਂ ਭੈਣ ਮਾਇਆਵਤੀ ਹੈ ਬਹੁਜਨ ਆਗੂਆਂ ਦੇ ਨਾਂ ’ਤੇ ਕਾਲਜ, ਯੂਨੀਵਰਸਿਟੀਆਂ, ਪਾਰਕ, ਸਮਾਰਕ, ਸ਼ਹਿਰਾਂ ਦੇ ਨਾਂ, ਸੜਕਾਂ ਆਦਿ ਅਨੇਕਾਂ ਕੰਮ ਕਰਕੇ ਦਿਖਾਏ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਸ. ਗੜ੍ਹੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਚੰਨੀ ਨੇ ਐਲਾਨ ਕੀਤਾ ਕਿ ਉਹ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨਗੇ ਪਰ ਮੁੱਖਮੰਤਰੀ ਚੰਨੀ ਜੀ ਜਵਾਬ ਦੇਣ ਕਿ ਦਸੰਬਰ 2016 ਵਿਚ ਪਿਛਲੀ ਹਕੂਮਤ ਵੱਲੋਂ ਠੇਕੇ ਅਤੇ ਆਊਟਸੋਰਸ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਜੋ ਬਿੱਲ ਪਾਸ ਹੋਇਆ ਸੀ ਤੁਹਾਡੀ ਸਰਕਾਰ ਨੇ 5 ਸਾਲ ਉਸ ’ਤੇ ਕੰਮ ਕਿਉਂ ਨਹੀਂ ਕੀਤਾ। ਤੁਸੀਂ ਸਟੇਜਾਂ ’ਤੇ ਬੋਲਦੇ ਹੋ ਕਿ ਮੈਂ ਗਰੀਬ ਪਰਿਵਾਰ ਵਿਚੋਂ ਆਇਆ ਹਾਂ। ਮੈਂ ਟੈਂਟ ਲਗਾਉਂਦ ਸੀ, ਪਟਾਕੇ ਵੇਚਦਾ ਸੀ ਆਦਿ ਆਦਿ, ਬਹੁਤ ਸਾਰੇ ਆਮ ਆਦਮੀ ਵਾਲੇ ਕੰਮ ਕਰਦਾ ਸੀ ਪਰ ਤੁਸੀਂ ਬੀਤੇ ਦਿਨੀਂ ਸਟੇਜ ਤੋਂ ਇਹ ਭਾਸ਼ਣ ਕਿਉਂ ਦਿੱਤਾ ਕਿ ਆਪਣਾ ਹੱਕ ਮੰਗਣ ਵਾਲੇ ਨੌਜਵਾਨ ਜੋ ਟੈਂਕੀਆਂ ’ਤੇ ਚੜ੍ਹਨਗੇ ਜਾਂ ਤੁਹਾਡੇ ਪ੍ਰੋਗਰਾਮਾਂ ਵਿਚ ਖਲਲ ਪਾਉਣਗੇ ਉਨ੍ਹਾਂ ’ਤੇ ਪਰਚੇ ਦਰਜ ਕਰ ਦਿੱਤੇ ਜਾਣਗੇ। ਇਹ ਤੁਹਾਡੀ ਕਿਹੋ ਜਿਹੀ ਹਕੂਮਤ ਹੈ ਕਿ ਆਪਣਾ ਹੱਕ ਮੰਗਣ ਵਾਲੇ ’ਤੇ ਪੁਲਿਸ ਪਰਚੇ ਦਰਜ ਹੋਣਗੇ? ਤੁਸੀਂ ਕਪੂਰਥਲਾ ਵਿਚ ਐਲਾਨ ਕੀਤਾ ਸੀ ਕਿ 1 ਲੱਖ ਨੌਕਰੀਆਂ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦੱਸੋ 72 ਦਿਨਾਂ ਵਿਚ ਤੁਸੀਂ ਕਿੰਨੀਆਂ ਨੌਕਰੀਆਂ ਦਿੱਤੀਆਂ।
ਸ. ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਵਿਸ਼ਵਾਸਜੀਤ ਕਹਿੰਦੇ ਹਨ ਪਰ ਅੱਜ ਸਾਰਾ ਪੰਜਾਬ ਇਹ ਕਹਿ ਰਿਹਾ ਹੈ ਕਿ ਮੁੱਖ ਮੰਤਰੀ ਵਿਸ਼ਵਾਸਜੀਤ ਨਹੀਂ ਐਲਾਨਜੀਤ ਹਨ। ਤੁਸੀਂ ਐਲਾਨ ਕੀਤਾ ਸੀ ਕਿ 100 ਰੁਪਏ ਮਹੀਨਾ ਕੇਬਲ ਕੁਨੈਕਸ਼ਨ ਕਰਾਂਗੇ ਪਰ ਇਸ ਅਖਬਾਰੀ ਇਸ਼ਤਿਹਾਰ ਐਲਾਨਨਾਮੇ ਵਿਚ ਉਸ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ। ਸ. ਗੜ੍ਹੀ ਮੁੱਖ ਮੰਤਰੀ ਚੰਨੀ ਤੋਂ ਪੁੱਛਿਆ ਕਿ ਤੁਸੀਂ 72 ਦਿਨਾਂ ਵਿਚ ਕੀ ਕੁਝ ਨਹੀਂ ਕਰ ਸਕਦੇ ਸੀ ਪਰ ਤੁਸੀਂ ਐਲਾਨਾਂ ਤੋਂ ਇਲਾਵਾ ਕੁਝ ਨਹੀਂ ਕੀਤਾ। ਜਦੋਂ ਤੁਸੀਂ ਮੁੱਖ ਮੰਤਰੀ ਬਣੇ ਸੀ ਉਦੋਂ ਦਲਿਤ ਅਤੇ ਬਹੁਜਨ ਸਮਾਜ ਚੀਖ-ਚੀਖ ਕੇ ਕਹਿ ਰਿਹਾ ਸੀ ਕਿ ਸਾਡੇ ਸਮਾਜ ਦਾ ਮੁੱਖ ਮੰਤਰੀ ਬਣਿਆ ਹੈ।
ਪਰ ਤੁਸੀਂ ਇਹ ਦੱਸੋਂ ਦਲਿਤ ਸਮਾਜ ਲਈ ਕੀ ਕੀਤਾ? ਕੀ 85ਵੀਂ ਸੋਧ ਲਾਗੂ ਹੋਈ, ਕੀ ਬੁਢਾਪਾ ਪੈਨਸ਼ਨਾਂ ਲਈ ਤਰਸ ਰਹੇ ਬਜ਼ੁਰਗਾਂ ਨੂੰ ਪੈਨਸ਼ਨ ਜਾਰੀ ਹੋਈ, ਪੱਛੜੇ ਵਰਗ ਲਈ ਕੋਈ ਸਕੀਮ ਲਾਗੂ ਹੋਈ? ਤੁਸੀਂ ਗਰੀਬਾਂ ਲਈ ਕੀ ਕੀਤਾ? ਪੰਜਾਬ ਦੀ ਇੰਡਸਟਰੀ ਲਈ ਕੀ ਕੀਤਾ? ਤੁਸੀਂ 72 ਦਿਨਾਂ ਵਿਚ ਕੁਝ ਨਹੀਂ ਕਰ ਸਕੇ। ਸ. ਗੜ੍ਹੀ ਨੇ ਕਿਹਾ ਕਿ ਹੁਣ ਬਹੁਜਨ ਸਮਾਜ ਸੱਤਾ ਹਾਸਲ ਕਰਨ ਲਈ ਤਗੜਾ ਹੋ ਗਿਆ ਹੈ। ਸਰਕਾਰ ਵਿਚ ਭਾਈਵਾਲੀ ਲਈ ਜਾਗਰੂਕ ਹੋ ਗਿਆ ਹੈ। ਬਹੁਜਨ ਸਮਾਜ ਸੱਤਾ ਦਾ ਹਿੱਸਾ ਬਣਕੇ ਖੁਦ ਬਹੁਜਨ ਸਮਾਜ ਲਈ ਫੈਸਲੇ ਕਰੇਗੀ। ਗਰੀਬਾਂ, ਮਜ਼ਲੂਮਾਂ ਅਤੇ ਹਰੇਕ ਵਰਗ ਲਈ ਬਿਨਾਂ ਜਾਤੀ ਦੇ ਆਧਾਰ ’ਤੇ ਕੰਮ ਕਰਕੇ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਸਰਕਾਰ ਇਕ ਨਵਾਂ ਪੰਜਾਬ ਬਣਾਵੇਗੀ।