ਕੇਂਦਰ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ ਪਰ ਕਿਸਾਨ ਅਜੇ ਵੀ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ‘ਤੇ ਅੜੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨ ਦਾ ਲਿਖਤੀ ਭਰੋਸਾ ਦਿੱਤੇ ਜਾਣ ਤੋਂ ਬਾਅਦ ਹੀ ਕਿਸਾਨ ਅੰਦੋਲਨ ਖ਼ਤਮ ਕਰਨਗੇ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਚਰਚਾ ਕਰਨ ਲਈ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ।
ਅੱਜ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ MSP ਕੀ ਹੈ? ਕੌਣ ਤੈਅ ਕਰਦਾ ਹੈ? ਕਿਵੇਂ ਕੈਲਕੁਲੇਟ ਕੀਤੀ ਜਾਂਦੀ ਹੈ? ਸਰਕਾਰ ਇਸ ਸਮੇਂ ਕਿਸਾਨਾਂ ਨੂੰ MSP ਕਿਸ ਹਿਸਾਬ ਨਾਲ ਦਿੰਦੀ ਹੈ? MSP ਨੂੰ ਲੈ ਕੇ ਕਿਸਾਨਾਂ ਦੀ ਕੀ ਹੈ ਮੰਗ?
ਕੀ ਹੈ MSP :
MSP ਦਾ ਮਤਲਬ ਹੈ ਘੱਟੋ-ਘੱਟ ਸਮਰਥਨ ਮੁੱਲ। ਕੇਂਦਰ ਸਰਕਾਰ ਫਸਲਾਂ ਦੀ ਘੱਟੋ-ਘੱਟ ਕੀਮਤ ਤੈਅ ਕਰਦੀ ਹੈ, ਇਸ ਨੂੰ MSP ਕਿਹਾ ਜਾਂਦਾ ਹੈ। ਜੇ ਮੰਡੀ ਵਿੱਚ ਫ਼ਸਲ ਦੀ ਕੀਮਤ ਡਿੱਗਦੀ ਹੈ ਤਾਂ ਵੀ ਸਰਕਾਰ ਕਿਸਾਨ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇ ਹਿਸਾਬ ਨਾਲ ਅਦਾਇਗੀ ਕਰੇਗੀ। ਇਸ ਨਾਲ ਕਿਸਾਨਾਂ ਨੂੰ ਆਪਣੀ ਫਸਲ ਦੀ ਤੈਅ ਕੀਮਤ ਬਾਰੇ ਪਤਾ ਲੱਗ ਜਾਂਦਾ ਹੈ, ਉਨ੍ਹਾਂ ਦੀ ਫਸਲ ਦੀ ਕੀਮਤ ਕਿੰਨੀ ਚੱਲ ਰਹੀ ਹੈ। ਇਹ ਫ਼ਸਲ ਦੀ ਕੀਮਤ ਦੀ ਇੱਕ ਤਰ੍ਹਾਂ ਦੀ ਗਾਰੰਟੀ ਹੈ।
ਕੌਣ ਤੈਅ ਕਰਦਾ ਹੈ MSP?
ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਖੇਤੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ (CACP) ਵੱਲੋਂ ਤੈਅ ਕੀਤੀ ਜਾਂਦੀ ਹੈ। ਕਮਿਸ਼ਨ ਸਮੇਂ ਦੇ ਨਾਲ ਖੇਤੀ ਲਾਗਤ ਅਤੇ ਹੋਰ ਮਾਪਦੰਡਾਂ ਦੇ ਆਧਾਰ ‘ਤੇ ਫ਼ਸਲਾਂ ਦੀ ਘੱਟੋ-ਘੱਟ ਕੀਮਤ ਤੈਅ ਕਰਕੇ ਆਪਣੇ ਸੁਝਾਅ ਸਰਕਾਰ ਨੂੰ ਭੇਜਦਾ ਹੈ।
MSP ਕਿਵੇਂ ਤੈਅ ਕੀਤੀ ਜਾਂਦੀ ਹੈ-
- MSP ਕੈਲਕੁਲੇਟ ਕਰਨ ਲਈ ਤਿੰਨ ਵੱਖ-ਵੱਖ ਵੇਰੀਏਬਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ A2, A2+FL ਅਤੇ C2 ਸ਼ਾਮਲ ਹਨ।
- A2 ਉਨ੍ਹਾਂ ਖਰਚਿਆਂ ਨੂੰ ਗਿਣਦਾ ਹੈ ਜੋ ਕਿਸਾਨ ਆਪਣੀ ਜੇਬ ਵਿੱਚੋਂ ਅਦਾ ਕਰਦਾ ਹੈ। ਜਿਵੇਂਕਿ ਖਾਦ, ਬੀਜ, ਬਿਜਲੀ, ਪਾਣੀ ਅਤੇ ਮਜ਼ਦੂਰੀ ਦਾ ਖਰਚਾ। ਇਸਨੂੰ ਇਨਪੁਟ ਲਾਗਤ ਵੀ ਕਿਹਾ ਜਾਂਦਾ ਹੈ। ਮੋਟੇ ਤੌਰ ‘ਤੇ ਇਹ ਬੁਆਈ ਤੋਂ ਲੈ ਕੇ ਵਾਢੀ ਤੱਕ ਦਾ ਖਰਚਾ ਹੁੰਦਾ ਹੈ।
- A2+FL ਵਿੱਚ ਬਿਜਾਈ ਤੋਂ ਲੈ ਕੇ ਵਾਢੀ ਤੱਕ ਦੇ ਸਾਰੇ ਖਰਚਿਆਂ ਦੇ ਨਾਲ ਪਰਿਵਾਰਕ ਮਜ਼ਦੂਰੀ ਵੀ ਸ਼ਾਮਲ ਹੁੰਦੀ ਹੈ। ਪਰਿਵਾਰਕ ਮਜ਼ਦੂਰੀ ਦਾ ਅਰਥ ਹੈ ਕਿਸਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਖੇਤੀਬਾੜੀ ਵਿੱਚ ਕੀਤੇ ਗਏ ਕੰਮ ਲਈ ਮਜ਼ਦੂਰੀ। ਜੇਕਰ ਕਿਸਾਨ ਮਜ਼ਦੂਰਾਂ ਤੋਂ ਕੰਮ ਕਰਵਾ ਲੈਂਦਾ ਤਾਂ ਉਸ ਨੂੰ ਮਜ਼ਦੂਰੀ ਦੇਣੀ ਪੈਂਦੀ। ਇਸੇ ਤਰ੍ਹਾਂ ਜੇਕਰ ਘਰ ਦੇ ਮੈਂਬਰ ਵੀ ਖੇਤ ਵਿੱਚ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਮਜ਼ਦੂਰੀ ਦਿੱਤੀ ਜਾਣੀ ਚਾਹੀਦੀ ਹੈ।
- C2 ਵਿੱਚ ਬਿਜਾਈ ਤੋਂ ਲੈ ਕੇ ਵਾਢੀ ਤੱਕ ਦੀ ਲਾਗਤ ਦੇ ਨਾਲ-ਨਾਲ ਜ਼ਮੀਨ ਦਾ ਕਿਰਾਇਆ ਅਤੇ ਉਸ ‘ਤੇ ਵਿਆਜ ਸ਼ਾਮਲ ਹੁੰਦਾ ਹੈ। ਇਸ ਦੇ ਨਾਲ ਹੀ ਕਿਸਾਨ ਨੇ ਮਸ਼ੀਨ ਦੀ ਖਰੀਦ ‘ਤੇ ਜੋ ਪੂੰਜੀ ਨਿਵੇਸ਼ ਕੀਤੀ ਹੈ, ਉਸ ਦਾ ਵਿਆਜ ਵੀ ਇਸ ‘ਚ ਸ਼ਾਮਲ ਹੈ। ਮੋਟੇ ਤੌਰ ‘ਤੇ ਖੇਤੀ ਦੀ ਲਾਗਤ ਤੋਂ ਇਲਾਵਾ ਜ਼ਮੀਨ ਅਤੇ ਪੂੰਜੀ ‘ਤੇ ਵਿਆਜ ਵੀ ਤੈਅ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਕਿਹੜੀਆਂ ਫਸਲਾਂ ‘ਤੇ ਕਿਸਾਨਾਂ ਨੂੰ MSP ਮਿਲਦਾ ਹੈ?
- ਸਰਕਾਰ ਅਨਾਜ, ਦਾਲਾਂ, ਤੇਲ ਬੀਜਾਂ ਅਤੇ ਹੋਰ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦਿੰਦੀ ਹੈ।
ਅਨਾਜ ਦੀਆਂ ਫ਼ਸਲਾਂ: ਝੋਨਾ, ਕਣਕ, ਬਾਜਰਾ, ਮੱਕੀ, ਜਵਾਰ, ਰਾਗੀ, ਜੌਂ। - ਦਾਲਾਂ ਦੀਆਂ ਫ਼ਸਲਾਂ: ਛੋਲੇ, ਅਰਹਰ, ਮੂੰਗੀ, ਉੜਦ, ਮਸਰ।
- ਤੇਲ ਬੀਜ ਦੀਆਂ ਫਸਲਾਂ: ਮੂੰਗੀ, ਸੋਇਆਬੀਨ, ਸਰ੍ਹੋਂ, ਸੂਰਜਮੁਖੀ, ਤਿਲ, ਨਾਈਜਰ ਜਾਂ ਕਾਲੇ ਤਿਲ, ਕੁਸੁਮ।
ਹੋਰ ਫਸਲਾਂ : ਗੰਨਾ, ਕਪਾਹ, ਜੂਟ, ਨਾਰੀਅਲ।
ਸਰਕਾਰ ਇਸ ਸਮੇਂ MSP ਕਿਸ ਆਧਾਰ ‘ਤੇ ਦਿੰਦੀ ਹੈ?
- ਸਰਕਾਰ ਫਿਲਹਾਲ C2+FL ਦੇ ਆਧਾਰ ‘ਤੇ MSP ਦੇ ਰਹੀ ਹੈ।
MSP ‘ਤੇ ਕਿਸਾਨਾਂ ਦੀ ਕੀ ਹੈ ਮੰਗ?
- ਕਿਸਾਨ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ C2+FL ਫਾਰਮੂਲੇ ‘ਤੇ MSP ਦਿੱਤਾ ਜਾਵੇ।
- ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ‘ਤੇ ਫ਼ਸਲਾਂ ਦੀ ਖ਼ਰੀਦ ਨੂੰ ਅਪਰਾਧ ਕਰਾਰ ਦੇਵੇ ਅਤੇ ਸਰਕਾਰੀ ਖ਼ਰੀਦ ‘ਤੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕੀਤਾ ਜਾਵੇ |
- ਇਸ ਦੇ ਨਾਲ ਹੀ ਹੋਰ ਫ਼ਸਲਾਂ ਨੂੰ ਵੀ ਘੱਟੋ-ਘੱਟ ਸਮਰਥਨ ਮੁੱਲ ਦੇ ਦਾਇਰੇ ਵਿੱਚ ਲਿਆਂਦਾ ਜਾਵੇ।
ਦੱਸ ਦੇਈਏ ਕਿ ਹੁਣ ਤੱਕ MSP ਦੇਸ਼ ਵਿੱਚ ਕੋਈ ਕਾਨੂੰਨ ਨਹੀਂ ਹੈ ਇਸੇ ਲਈ ਕਿਸਾਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਵਿੱਚ ਐਮਐਸਪੀ ਇੱਕ ਪਾਲਿਸੀ ਵਜੋਂ ਲਾਗੂ ਹੈ। ਸਰਕਾਰ ਦੀ ਮਰਜ਼ੀ ਹੈ ਕਿ ਉਹ MSP ਦੇਵੇ ਜਾਂ ਨਾ ਦੇਵੇ। ਹਾਲਾਂਕਿ, ਗੰਨਾ ਇੱਕੋ ਇੱਕ ਅਜਿਹੀ ਫਸਲ ਹੈ ਜੋ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਣ ਲਈ ਕੁਝ ਹੱਦ ਤੱਕ ਕਾਨੂੰਨੀ ਪਾਬੰਦੀ ਦੇ ਅਧੀਨ ਹੈ।
ਇਹ ਵੀ ਪੜ੍ਹੋ : ਸਿੱਧੂ ਨੂੰ ਚੌਧਰੀ ਦਾ ਝਟਕਾ, ਜ਼ਿਲ੍ਹਾ ਪ੍ਰਧਾਨਾਂ ਦੀ ਨਿਯਕੁਤੀ ਲਟਕਾਈ, 22 ਜ਼ਿਲ੍ਹਿਆਂ ‘ਚ ਲਾਏ ਕੋ-ਆਰਡੀਨੇਟਰ
ਕੀ ਸਾਰੇ ਕਿਸਾਨਾਂ ਨੂੰ MSP ਦਾ ਲਾਭ ਮਿਲਦਾ ਹੈ?
2012-13 ਦੇ ਰਾਸ਼ਟਰੀ ਨਮੂਨਾ ਸਰਵੇਖਣ ਦਫਤਰ ਦੀ ਰਿਪੋਰਟ ਦੇ ਅਨੁਸਾਰ 10% ਤੋਂ ਵੀ ਘੱਟ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ‘ਤੇ ਆਪਣੀ ਫਸਲ ਵੇਚਦੇ ਹਨ। ਤਾਜ਼ਾ ਅੰਕੜੇ ਦੱਸਦੇ ਹਨ ਕਿ ਘੱਟੋ-ਘੱਟ ਸਮਰਥਨ ਮੁੱਲ ‘ਤੇ ਫਸਲ ਵੇਚਣ ਵਾਲੇ ਕਿਸਾਨਾਂ ਦੀ ਗਿਣਤੀ ਘਟ ਕੇ 6% ਰਹਿ ਗਈ ਹੈ। ਭਾਵ ਕਿਸਾਨਾਂ ਦਾ ਇੱਕ ਵੱਡਾ ਵਰਗ ਅਜੇ ਵੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਆਪਣੀ ਫ਼ਸਲ ਨਹੀਂ ਵੇਚ ਰਿਹਾ ਹੈ।