ਬਰਨਾਲਾ/ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਸੇ ਤਰੀਕੇ ਪੰਜਾਬੀਆਂ ਨੂੰ ਧੋਖਾ ਦੇਣਾ ਚਾਹੁੰਦੇ ਹਨ ਜਿਵੇਂ ਕਾਂਗਰਸ ਨੇ ਦਿੱਤਾ ਤੇ ਉਹ ਮਹਿਲਾਵਾ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਸਕੀਮ ਦਾ ਲਾਭ ਲੈਣ ਲਈ ਆਮ ਆਦਮੀ ਪਾਰਟੀ ਕੋਲ ਰਜਿਸਟਰੇਸ਼ਨ ਕਰਵਾਉਣ ਲਈ ਮਜਬੂਰ ਕਰ ਰਹੇ ਹਨ।
ਭਦੌੜ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਰਾਹੀ ਤੇ ਸੁਨਾਮ ਤੋਂ ਬਲਦੇਵ ਸਿੰਘ ਮਾਨ ਦੇ ਹੱਕ ਵਿਚ ਤਪਾ ਤੇ ਸੁਨਾਮ ਵਿਚ ਦੋ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਰ ਘਰ ਕੋਲੋਂ ਫਾਰਮ ਭਰਾਏ ਸਨ ਤੇ ਤੁਸੀਂ ਨਤੀਜਾ ਆਪ ਵੇਖ ਲਿਆ ਹੈ।
ਸ. ਬਾਦਲ ਨੇ ਕਿਹਾ ਕਿ ਹੁਣ ਕੇਜਰੀਵਾਲ ਵੀ ਉਹੀ ਰਾਹ ਫੜ ਰਿਹਾ ਹੈ ਤੇ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਲੈਣ ਲਈ ਫਾਰਮ ਭਰਨ ਵਾਸਤੇ ਆਖਿਆ ਜਾ ਰਿਹਾ ਹੈ ਤੇ ਇਸ ਵਾਸਤੇ ਜਾਅਲੀ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਜਿਹੜੀਆਂ ਮਹਿਲਾਵਾਂ ਨੇ ਫਾਰਮ ਭਰੇ ਹੋਣਗੇ, ਉਹੀ ਸਕੀਮ ਦਾ ਲਾਭ ਲੈਣ ਦੇ ਯੋਗ ਹੋਣਗੀਆਂ ? ਉਹਨਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਤਾਂ ਫਿਰ ਕੀ ਤੁਸੀਂ ਇਸ ਤਰੀਕੇ ਪੰਜਾਬੀਆਂ ਨੂੰ ਮੂਰਖ ਬਣਾਉਣਾ ਚਾਹੁੰਦੇ ਹੋ ? ਸ. ਬਾਦਲ ਨੇ ਦਿੱਲੀ ਦੇ ਮੁੰਖ ਮੰਤਰੀ ਨੂੰ ਪੁੱਛਿਆ ਕਿ ਉਹਨਾਂ ਨੇ ਇਹ ਸਕੀਮ ਦਿੱਲੀ ਵਿਚ ਲਾਗੂ ਕਿਉਂ ਨਹੀਂ ਕੀਤੀ।
ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਹਰ ਹੀਲੇ ਪੰਜਾਬ ’ਤੇ ਰਾਜ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਆਪ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦਾ ਨਾਂ ਨਹੀਂ ਐਲਾਨਿਆ। ਉਹਨਾਂ ਕਿਹਾ ਕਿ ਉਹ ਸਿਰਫ ਡੰਮੀ ਉਮੀਦਵਾਰ ਦਾ ਨਾਂ ਐਲਾਨੇਗੀ ਤਾਂ ਜੋ ਕੇਜਰੀਵਾਲ ਸੱਤਾ ਮਿਲਣ ’ਤੇ ਆਪ ਮੁੱਖ ਮੰਤਰੀ ਬਣ ਸਕਣ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਇਹ ਸਾਜ਼ਿਸ਼ ਪਹਿਲਾਂ ਹੀ ਵੇਖ ਲਈ ਹੈ ਤੇ ਉਹ ਕਦੇ ਵੀ ਇਕ ਬਾਹਰਲੇ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਵੇਖਣਾ ਚਾਹੁਣਗੇ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਲੋਕ ਵੱਡੀ ਗਿਣਤੀ ਵਿਚ ਆਪ ਛੱਡ ਰਹੇ ਹਨ ਤੇ ਲੋਕ ਵੇਖਣਗੇ ਕਿ ਆਉਂਦੇ ਦਿਨਾਂ ਵਿਚ ਹੋਰ ਆਗੂ ਵੀ ਪਾਰਟੀ ਛੱਡ ਦੇਣਗੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿੰਨਾ ਉਹਨਾਂ ਬਾਰੇ ਘੱਟ ਗੱਲ ਕੀਤੀ ਜਾਵੇ ਓਨਾ ਚੰਗਾ ਹੈ। ਉਹਨਾਂ ਕਿਹਾ ਕਿ ਉਹ ਆਪਣੇ ਆਪ ਨੂੰ ਆਮ ਆਦਮੀ ਵਿਖਾਉਣ ਦਾ ਯਤਨ ਕਰ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਉਹਨਾਂ ਨੇ ਖਰੜ-ਰੋਪੜ ਪੱਟੀ ’ਤੇ ਨਜਾਇਜ਼ ਕਾਲੋਨੀਆਂ ਕੱਟ ਕੇ ਤੇ ਰੇਤ ਮਾਇਨਿੰਗ ਤੋਂ ਇਲਾਵਾ ਹੋਰ ਭ੍ਰਿਸ਼ਟ ਤਰੀਕਿਆਂ ਨਾਲ ਅੰਤਾਂ ਦੀ ਦੌਲਤ ਜੋੜ ਲਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਐਲਾਨ ਵੀ ਝੂਠੇ ਕੀਤੇ ਜਾ ਰਹੇ ਹਨ ਜਿਹਨਾਂ ਦਾ ਸੂਬੇ ਭਰੇ ਵਿਚ ਮਖੌਲ ਉਡਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦਾਅਵਾ ਕਰ ਰਹੇ ਹਨ ਕਿ ਰੇਤਾ ਸਾਢੇ ਪੰਜ ਰੁਪਏ ਪ੍ਰਤੀ ਫੁੱਟ ਵਿਕ ਰਿਹਾ ਹੈ ਜਦੋਂ ਕਿ ਅਸਲੀਅਤ ਵਿਚ ਇਹ 25 ਰੁਪਏ ਪ੍ਰਤੀ ਫੁੱਟ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਉਹ ਥਾਂ ਥਾਂ ਪ੍ਰਾਜੈਕਟਾਂ ਦਾ ਐਲਾਨ ਕਰਦੇ ਫਿਰਦੇ ਹਨ ਜਦੋਂ ਕਿ ਹਜ਼ਾਰਾਂ ਕਰੋੜ ਰੁਪਏ ਦੇ ਕੰਮਾਂ ਵਾਸਤੇ ਕੋਈ ਪੈਸਾ ਜਾਰੀ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਚੰਨੀ ਦੇ ਸਾਰੇ ਐਲਾਨ ਕਾਗਜ਼ਾਂ ਤੱਕ ਸੀਮਤ ਹਨ।
ਇਸ ਦੌਰਾਨ ਸੁਨਾਮ ਦੇ ਵਸਨੀਕਾਂ ਦੀ ਮੰਗ ’ਤੇ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ’ਤੇ ਇਥੇ ਅਤਿ ਆਧੁਨਿਕ ਮਲਟੀ ਸਪੈਸ਼ਲਟੀ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸ਼ਹੀਦ ਊਧਮ ਸਿੰਘ ਦੇ ਨਾਂ ’ਤੇ ਬਣਾਇਆ ਜਾਵੇਗਾ। ਉਹਨਾਂ ਨੇ ਤਪਾ ਦੇ ਲੋਕਾਂ ਨੁੰ ਭਰੋਸਾ ਦੁਆਇਆ ਕਿ ਬਹੁ-ਮੰਤਵੀ ਸਟੇਡੀਅਮ ਤੇ ਕਾਲਜ ਭਦੌੜ ਹਲਕੇ ਵਿਚ ਬਣਾਇਆ ਜਾਵੇਗਾ।
ਸੂਬੇ ਭਰ ਦੇ ਲੋਕਾਂ ਦੀ ਹੜਤਾਲ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਮੈਂ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਅਪੀਲ ਕਰਾਂਗੇ ਕਿ ਉਹ 2 ਤੋਂ 3 ਮਹੀਨਿਆਂ ਦੀ ਉਡੀਕ ਕਰ ਲੈਣ ਤੇ ਇਸ ਹੰਕਾਰੀ ਸਰਕਾਰ ਤੋਂ ਨਿਆਂ ਦੀ ਕੋਈ ਆਸ ਨਾ ਰੱਖਣ। ਉਹਨਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਅਸੀਂ ਇਹਨਾਂ ਸਾਰਿਆਂ ਨੂੰ ਸੱਦਾਂਗੇ ਤੇ ਇਹਨਾਂ ਨੂੰ ਪੂਰਾ ਮਾਣ ਸਤਿਕਾਰ ਦਿੰਦਿਆਂ ਇਹਨਾਂ ਦੇ ਬਕਾਏ ਦਿਆਂਗੇ। ਇਸ ਤੋਂ ਪਹਿਲਾਂ ਤਪਾ ਤੇ ਸੁਨਾਮ ਵਿਚ ਜਨਤਕ ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਪੰਜਾਬ ਦੇ ਵਿਕਾਸ ਬਾਰੇ ਆਪਣੀ ਸੋਚ ਸਾਂਝੀ ਕੀਤੀ ਤੇ ਸੂਬੇ ਦੇ ਵਿਕਾਸ ਅਤੇ ਵਪਾਰ ਤੇ ਉਦਯੋਗ ਦੇ ਵਿਕਾਸ ਬਾਰੇ ਸਕੀਮਾਂ ਲਈ 13 ਨੁਕਾਤੀ ਏਜੰਡੇ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਤਪਾ ਤੇ ਸੁਨਾਮ ਪਹੁੰਚਣ ’ਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਵਰਕਰਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਕੇਸਰੀ ਝੰਡੇ ਹੱਥ ਵਿਚ ਲੈ ਕੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਦੇ ਨਾਅਰੇ ਰੋਡ ਸ਼ੌਅ ਦੌਰਾਨ ਲਗਾਏ। ਦੋਹਾਂ ਰੈਲੀਆਂ ਦੌਰਾਨ ਕਾਂਗਰਸ ਤੇ ਆਪ ਦੇ ਵਰਕਰ ਅਕਾਲੀ ਦਲ ਵਿਚ ਸ਼ਾਮਲ ਹੋਏ ਤੇ ਪਾਰਟੀ ਪ੍ਰਧਾਨ ਨੇ ਉਹਨਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਪਾਰਟੀ ਵਿਚ ਜ਼ਿੰਮੇਵਾਰੀ ਦੇਣ ਦਾ ਭਰੋਸਾ ਦੁਆਇਆ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਇਕਬਾਲ ਸਿੰਘ ਝੂੰਦਾਂ, ਤੇਜਿੰਦਰ ਸਿੰਘ ਸੰਘੇੜੀ, ਗੋਬਿੰਦ ਸਿੰਘ ਲੌਂਗੋਵਾਲ, ਵਿੰਨਰਜੀਤ ਸਿੰਘ ਗੋਲਡੀ ਅਤੇ ਗੁਲਜ਼ਾਰੀ ਮੂਣਕ ਵੀ ਹਾਜ਼ਰ ਸਨ।