ਬਠਿੰਡਾ ਦੀ ਜੀਟੀ ਰੋਡ ‘ਤੇ ਸ਼ਨੀਵਾਰ ਸਵੇਰੇ 9.30 ਵਜੇ ਦੇ ਕਰੀਬ ਵਾਦੀ ਹਸਪਤਾਲ ਦੇ ਨੇੜੇ ਇਕ ਲਾਵਾਰਿਸ ਬ੍ਰੀਫਕੇਸ ਮਿਲਣ ਨਾਲ ਸ਼ਹਿਰ ਦੇ ਲੋਕਾਂ ਤੇ ਆਲੇ-ਦੁਆਲੇ ਦੇ ਦੁਕਾਨਾਂ ਵਿੱਚ ਦਹਿਸ਼ਤ ਫੈਲ ਗਈ, ਕੁਝ ਹੀ ਮਿੰਟਾਂ ਵਿੱਚ ਇਸ ਵਿੱਚ ਬੰਬ ਹੋਣ ਦੀ ਅਫਵਾਹ ਪੂਰੇ ਸ਼ਹਿਰ ਵਿੱਚ ਫੈਲ ਗਈ, ਜਿਸ ਪਿੱਛੋਂ ਪੁਲਿਸ ਨੂੰ ਭਾਜੜਾਂ ਪੈ ਗਈਆਂ।
ਪੁਲਸ ਕੰਟਰੋਲ ਰੂਮ ‘ਚ ਬ੍ਰੀਫਕੇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਥਾਣਾ ਕੋਤਵਾਲੀ, ਪੀਸੀਆਰ ਅਤੇ ਹੋਰ ਪੁਲਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਇਸ ਦੇ ਨਾਲ ਹੀ ਆਸ-ਪਾਸ ਦੀਆਂ ਦੁਕਾਨਾਂ ਬੰਦ ਕਰਵਾ ਕੇ ਲੋਕਾਂ ਨੂੰ ਉਥੋਂ ਹਟਾਇਆ ਗਿਆ। ਇਸ ਤੋਂ ਬਾਅਦ ਪੁਲਿਸ ਬੰਬ ਅਤੇ ਡੌਗ ਸਕੁਐਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਡੌਗ ਸਕੁਐਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਕੁੱਤੇ ਨੂੰ ਲਾਵਾਰਿਸ ਅਟੈਚੀ ਨੇੜੇ ਲਿਜਾ ਕੇ ਬਾਰੀਕੀ ਨਾਲ ਜਾਂਚ ਕੀਤੀ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਅਟੈਚੀ ਵਿੱਚ ਕੋਈ ਧਮਾਕਾਖੇਜ਼ ਪਦਾਰਥ ਦੀ ਗੰਧ ਨਹੀਂ ਆਉਣ ਤੋਂ ਬਾਅਦ ਬੰਬ ਸਕਵਾਇਡ ਨੇ ਜਾਇਜ਼ਾ ਲਿਆ। ਬੰਬ ਨਿਰੋਧਕ ਦਸਤੇ ਵੱਲੋਂ ਬ੍ਰੀਫਕੇਸ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਇਸ ਨੂੰ ਸੁਰੱਖਿਅਤ ਢੰਗ ਨਾਲ ਚੁੱਕ ਕੇ ਗੱਡੀ ਵਿੱਚ ਰੱਖਿਆ ਗਿਆ ਤੇ ਫਿਰ ਬੜੀ ਮੁਸ਼ਕਲ ਨਾਲ ਖੋਲ੍ਹਿਆ ਗਿਆ, ਤਾਂਜੋ ਕੋਈ ਬਲਾਸਟ ਨਾ ਹੋ ਸਕੇ। ਟੀਮ ਨੇ ਜਦੋਂ ਬ੍ਰੀਫਕੇਸ ਖੋਲ੍ਹਿਆ ਤਾਂ ਉਸ ਵਿੱਚੋਂ ਕੁਝ ਕਾਗਜ਼, ਇੱਕ ਕੰਘੀ ਅਤੇ ਹੋਰ ਸਾਮਾਨ ਮਿਲਿਆ। ਇਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੋਈ ਇਸ ਅਟੈਚੀ ਨੂੰ ਭੁੱਲ ਗਿਆ ਜਾਂ ਕਿਸੇ ਨੇ ਜਾਣਬੁੱਝ ਕੇ ਕੋਈ ਸ਼ਰਾਰਤ ਕੀਤੀ ਹੈ।
ਇਹ ਵੀ ਪੜ੍ਹੋ : Breaking : ਪੰਜਾਬ ਵੱਲੋਂ BSF ਵਾਲੇ ਹੁਕਮਾਂ ਨੂੰ ਸੁਪਰੀਮ ਕੋਰਟ ‘ਚ ਚੁਣੌਤੀ, ਕੇਂਦਰ ਨੂੰ ਨੋਟਿਸ ਜਾਰੀ
ਪੁਲਸ ਬ੍ਰੀਫਕੇਸ ‘ਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ‘ਤੇ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਮੌਕੇ ‘ਤੇ ਸਥਿਤ ਦੁਕਾਨਾਂ ਅਤੇ ਹਸਪਤਾਲਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਬ੍ਰੀਫਕੇਸ ‘ਚ ਬੰਬ ਵਰਗੀ ਕੋਈ ਚੀਜ਼ ਨਾ ਮਿਲਣ ‘ਤੇ ਪੁਲਸ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ। ਦੱਸ ਦੇਈਏ ਕਿ ਪਿਛਲੇ ਪੰਜ ਮਹੀਨਿਆਂ ਵਿੱਚ ਇਹ ਤੀਜੀ ਘਟਨਾ ਹੈ, ਜਦੋਂ ਸ਼ਹਿਰ ਵਿੱਚੋਂ ਅਜਿਹਾ ਲਾਵਾਰਿਸ ਅਟੈਚੀ ਤੇ ਬੈਗ ਨੂੰ ਲੈ ਕੇ ਬੰਬ ਹੋਣ ਦੀ ਅਫਵਾਹ ਫੈਲਾਈ ਗਈ ਹੈ।