ਅੰਟਾਰਕਟਿਕਾ ਵਿੱਚ ਥਵਾਈਟਸ ਗਲੇਸ਼ੀਅਰ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਡਿੱਗ ਸਕਦਾ ਹੈ। ਡੂਮਸ-ਡੇ ਗਲੇਸ਼ੀਅਰ ਦੇ ਨਾਂ ਨਾਲ ਜਾਣੇ ਜਾਂਦੇ ਇਸ ਗਲੇਸ਼ੀਅਰ ‘ਚ ਖਤਰਨਾਕ ਦਰਾਰਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਸਾਲਾਂ ‘ਚ ਇਸ ਦਾ ਅਮਰੀਕਾ ਦੇ ਫਲੋਰੀਡਾ ਜਿੰਨਾ ਵੱਡਾ ਹਿੱਸਾ ਟੁੱਟ ਸਕਦਾ ਹੈ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਨਾਲ ਗਲੋਬਲ ਸਮੁੰਦਰੀ ਪੱਧਰ ਵਿੱਚ ਅਚਾਨਕ ਵਾਧਾ ਹੋ ਸਕਦਾ ਹੈ। ਯਾਨੀ ਕਈ ਇਲਾਕੇ ਡੁੱਬ ਸਕਦੇ ਹਨ ਅਤੇ ਲੋਕਾਂ ਨੂੰ ਬੇਘਰ ਹੋਣਾ ਪੈ ਸਕਦਾ ਹੈ। ਅਮਰੀਕਨ ਜੀਓਫਿਜ਼ੀਕਲ ਯੂਨੀਅਨ ਦੀ ਸਾਲਾਨਾ ਮੀਟਿੰਗ ਵਿੱਚ ਪੇਸ਼ ਕੀਤੇ ਗਏ ਸੈਟੇਲਾਈਟ ਚਿੱਤਰਾਂ ਨੇ TIES ਵਿੱਚ ਵੱਡੀਆਂ ਤਰੇੜਾਂ ਦਾ ਖੁਲਾਸਾ ਕੀਤਾ ਹੈ। ਮੀਟਿੰਗ ਵਿੱਚ ਖੋਜਕਰਤਾਵਾਂ ਨੇ ਕਿਹਾ ਕਿ ਜੇਕਰ ਇਹ ਤੈਰਦੀ ਬਰਫ਼ ਦੀ ਸ਼ੈਲਫ ਟੁੱਟ ਜਾਂਦੀ ਹੈ ਤਾਂ ਸਮੁੰਦਰ ਦਾ ਪੱਧਰ ਲਗਭਗ 25 ਫ਼ੀਸਦ ਵੱਧ ਜਾਵੇਗਾ।
ਗਲੇਸ਼ਿਓਲੋਜਿਸਟ ਪ੍ਰੋਫੈਸਰ ਟੇਡ ਸਕੈਂਬੋਸ ਨੇ ਦੱਸਿਆ ਕਿ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ। ਅਗਲੇ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਇਸ ਗਲੇਸ਼ੀਅਰ ਦੀ ਹਾਲਤ ਵਿੱਚ ਤਬਦੀਲੀਆਂ ਹੋਣ ਵਾਲੀਆਂ ਹਨ। ਥਵਾਈਟਸ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਿਹਾ ਹੈ ਅਤੇ ਹੁਣ ਇਸ ਦਾ ਵੱਡਾ ਹਿੱਸਾ ਟੁੱਟਣ ਦਾ ਖ਼ਤਰਾ ਹੈ, ਜੋ ਕਿ ਨਿਸ਼ਚਿਤ ਤੌਰ ‘ਤੇ ਚਿੰਤਾ ਦਾ ਵਿਸ਼ਾ ਹੈ। ਓਰੇਗਨ ਸਟੇਟ ਯੂਨੀਵਰਸਿਟੀ ਦੇ ਏਰਿਨ ਪੇਟਿਟ ਨੇ ਕਾਰ ਦੀ ਵਿੰਡਸ਼ੀਲਡ ਨਾਲ ਮੌਜੂਦਾ ਦਰਾਰਾਂ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਕੁਝ ਅਜਿਹਾ ਹੀ ਹੋਣ ਵਾਲਾ ਹੈ ਜਿਵੇਂ ਕਿ ਇੱਕ ਛੋਟੀ ਜਿਹੀ ਟੱਕਰ ਵਿੰਡਸ਼ੀਲਡ ਨੂੰ ਸੈਂਕੜੇ ਟੁਕੜਿਆਂ ਵਿੱਚ ਚਕਨਾਚੂਰ ਕਰ ਸਕਦੀ ਹੈ। ਉਸ ਨੇ ਕਿਹਾ, ‘ਜੇ ਗਲੇਸ਼ੀਅਰ ਦਾ ਟੁਕੜਾ ਡਿੱਗਦਾ ਹੈ, ਤਾਂ ਇਸ ਨਾਲ ਥਵਾਈਟਸ ਗਲੇਸ਼ੀਅਰ ਦਾ ਪੂਰਬੀ ਤੀਜਾ ਹਿੱਸਾ ਹੋਰ ਵੀ ਤੇਜ਼ੀ ਨਾਲ ਪਿਘਲ ਜਾਵੇਗਾ। ਇਸ ਘਟਨਾ ਕਾਰਨ ਗਲੇਸ਼ੀਅਰ ਪਿਘਲਣ ਦੀ ਰਫ਼ਤਾਰ ਤਿੰਨ ਗੁਣਾ ਹੋ ਜਾਵੇਗੀ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਦੇ ਵਧਦੇ ਤਾਪਮਾਨ ਕਾਰਨ ਥਵਾਇਟਸ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਿਹਾ ਹੈ, ਜੋ ਪੂਰੀ ਦੁਨੀਆ ਲਈ ਵੱਡੇ ਖ਼ਤਰੇ ਦਾ ਸੰਕੇਤ ਹੈ। ਅੰਟਾਰਕਟਿਕਾ ਦੇ ਪੱਛਮੀ ਹਿੱਸੇ ‘ਚ ਸਥਿਤ ਇਹ ਗਲੇਸ਼ੀਅਰ ਸਮੁੰਦਰ ‘ਚ ਕਈ ਕਿਲੋਮੀਟਰ ਦੀ ਡੂੰਘਾਈ ‘ਚ ਡੁੱਬਿਆ ਹੋਇਆ ਹੈ ਅਤੇ ਇਸ ਤੋਂ ਲਗਾਤਾਰ ਬਰਫ ਦੀਆਂ ਵੱਡੀਆਂ ਚੱਟਾਨਾਂ ਟੁੱਟ ਰਹੀਆਂ ਹਨ। 1980 ਤੋਂ, ਇਸ ਨੇ ਘੱਟੋ-ਘੱਟ 600 ਬਿਲੀਅਨ ਟਨ ਬਰਫ਼ ਗੁਆ ਦਿੱਤੀ ਹੈ। ਥਵਾਈਟਸ ਦੇ ਕੁੱਲ ਖੇਤਰਫਲ ਦੀ ਗੱਲ ਕਰੀਏ ਤਾਂ ਇਹ ਬ੍ਰਿਟੇਨ ਨਾਲੋਂ ਥੋੜ੍ਹਾ ਛੋਟਾ ਹੋਵੇਗਾ। ਅਜਿਹੇ ‘ਚ ਇਸ ਦਾ ਪਿਘਲਣਾ ਪੂਰੀ ਦੁਨੀਆ ਦੇ ਤੱਟਵਰਤੀ ਖੇਤਰਾਂ ਨੂੰ ਤਬਾਹ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: