ਅੰਮ੍ਰਿਤਸਰ : ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੂੰ ‘‘ਸਾਡੇ ਇਕ ਆਗੂ ਬਿਕਰਮ ਸਿੰਘ ਮਜੀਠੀਆ’ ਦੇ ਖਿਲਾਫ ਝੂਠਾ ਕੇਸ ਦਰਜ ਕਰਨ ਦੀ ਚੁਣੌਤੀ ਪ੍ਰਵਾਨ ਹੈ’’ ਅਤੇ ਉਨ੍ਹਾਂ ਨੇ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਕਾਨੂੰਨੀ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਸ. ਬਾਦਲ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਵੀ ਵਰ੍ਹੇ ਅਤੇ ਕਿਹਾ ਕਿ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ’ਤੇ ਰਾਜਨੀਤੀ ਖੇਡੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਵਰਗਾ ਨਹੀਂ ਜਿਹੜਾ ਬੇਅਦਬੀ ਦੇ ਮਾਮਲੇ ’ਤੇ ਰਾਜਨੀਤੀ ਕਰੇਗਾ ਕਿਉਂਕਿ ਸਾਡੇ ਲਈ ਸਾਡੇ ਮਹਾਨ ਗੁਰੂ ਸਾਹਿਬਾਨ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਵਨ ਵਿਚ ਸਭ ਤੋਂ ਉਪਰ ਹਨ। ਉਨ੍ਹਾਂ ਨੇ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਖਰਾਬ ਕਰਨ ਦੀ ਡੂੰਘੀ ਸਾਜ਼ਿਸ਼ ਵਿਰੁੱਧ ਚੌਕਸ ਕੀਤਾ। ਉਨ੍ਹਾਂ ਕਿਹਾ ਕਿ ਜੋ ਸ਼ਾਂਤੀ ਤੇ ਫਿਰਕੂ ਸਦਭਾਵਨਾ ਅਸੀਂ ਪੰਦਰਾਂ ਸਾਲਾਂ ਤੱਕ ਕਾਇਮ ਰੱਖੀ, ਅਚਨਚੇਤ ਉਸ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸਰਬੱਤ ਦਾ ਭਲੇ ਦੇ ਗੁਰੂ ਸਾਹਿਬ ਦੇ ਸੁਨੇਹੇ ਮੁਤਾਬਕ ਕੰਮ ਕਰਦਾ ਰਿਹਾ ਹੈ। ਉਨ੍ਹਾ ਕਿਹਾ ਕਿ ਅਸੀਂ ਸ਼ਾਂਤੀ ਤੇ ਫਿਰਕੂ ਸਦਭਾਵਨਾ ਤੇ ਭਾਈਚਾਰਾ ਕਾਇਮ ਰੱਖਣ ਲਈ ਕੰਮ ਕਰਦੇ ਰਹਿਣ ਲਈ ਦ੍ਰਿੜ੍ਹ ਸੰਕਲਪ ਹਾਂ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਜਿਹੀ ਪਵਿੰਤਰ ਥਾਂ ਹੈ ਜਿਥੇ ਹਰ ਧਰਮਾਂ ਦੇ ਲੋਕ ਨਤਮਸਤਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਅਸਥਾਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਥਾਂ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਕੋਈ ਇਸ ਗੱਲ ਤੋਂ ਨਾਖੁਸ਼ ਹੈ ਤੇ ਇਸ ਪਵਿੱਤਰ ਸਿਧਾਂ ਤੇ ਪੰਜਾਬ ਦੀ ਸ਼ਾਂਤੀ ਦੋਹਾਂ ਦੇ ਖਿਲਾਫ ਹੈ।
ਰਾਹੁਲ ਗਾਂਧੀ ਦੀਆਂ ਲੀਚਿੰਗ (ਭੀੜਤੰਤਰ) ਬਾਰੇ ਟਿੱਪਣੀਆਂ ਬਾਰੇ ਸ. ਸਰਦਾਰ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਮੂੰਹੋਂ ਲੰਚਿੰਗ ਬਾਰੇ ਗੱਲ ਕਰਨਾ ਸੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਉਹ ਉਸ ਪਰਿਵਾਰ ਤੋਂ ਹਨ ਜਿਨ੍ਹਾਂ ਨੇ ਸ੍ਰੀ ਹਰਿਮੰਦਿਰ ਸਾਹਿਬ ’ਤੇ ਟੈਂਕਾਂ ਨਾਲ ਹਮਲਾ ਕੀਤਾ ਤੇ 1984 ਵਿਚ ਦਿੱਲੀ ਵਿਚ ਹਜ਼ਾਰਾਂ ਮਾਸੂਮ ਸਿੱਖਾਂ ਦਾ ਕਤਲੇਆਮ (ਲੀਚਿੰਗ ਰਾਹੀਂ) ਕੀਤਾ। ਉਨ੍ਹਾਂ ਕਿਹਾ ਕਿ ਉਹ ਤਾਂ ਲੀਚਿੰਗ ਆਯੋਜਿਤ ਕਰਨ ਵਾਲੇ ਜਗਦੀਸ਼ ਟਾਈਟਲਰ ਤੇ ਅਜੈ ਮਾਕਣ ਵਰਗਿਆਂ ਨੂੰ ਸਨਮਾਨਤ ਕਰਦੇ ਰਹੇ ਹਨ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਹੋਏ ਕੇਸ ਨੂੰ ਬੇਸ਼ਰਮੀ ਨਾਲ ਦਰਜ ਕੀਤਾ ਗਿਆ ਝੂਠਾ ਕੇਸ ਕਰਾਰ ਦਿੰਦਿਆਂ ਸ. ਬਾਦਲ ਨੇ ਸੂਬੇ ਦੇ ਕਾਂਗਰਸੀ ਸ਼ਾਸਕਾਂ ਨੂੰ ਚੁਣੌਤੀ ਦਿੱਤੀ ਕਿ ਉਹ ਜੋ ਮਰਜ਼ੀ ਕਰ ਲੈਣ ਖਾਲਸਾ ਪੰਥ ਦੇ ਹੌਂਸਲੇ ਬੁਲੰਦ ਰਹਿਣੇ ਤੇ ਢਹਿਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹਨਾਂ ਸ਼ਾਸਕਾਂ ਨੂੰ ਇਸ ਤੋਂ ਪਹਿਲਾਂ ਦੇ ਵੱਡੇ ਕਾਂਗਰਸੀ ਆਗੂਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ ਜਿਹਨਾਂ ਨੇ ਸਿੱਖਾਂ ਅਤੇ ਅਕਾਲੀਆਂ ਦੀ ਦਲੇਰੀ ਤੇ ਹੌਂਸਲੇ ਦਾ ਗਿਆਨ ਹਾਸਲ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਅਕਾਲੀ ਦਲ ਵਿਚ ਸ਼ਾਮਲ ਹੁੰਦਾ ਹੈ, ਉਹ ਜ਼ਬਰ ਤੇ ਦਮਨ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਗਿੱਠਮੁਠੀਆਂ ਤੋਂ ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਆਪ ਝੂਠ ਬੋਲ ਕੇ ਤੇ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰ ਕੇ ਆਪਣਾ ਮਾੜਾ ਸਮਾਂ ਸਹੇੜਿਆ ਹੈ। ਅਕਾਲੀ ਦਲ ਇਨ੍ਹਾਂ ਦੇ ਖਿਲਾਫ ਨਿਆਂਇਕ ਅਤੇ ਲੋਕਾਂ ਦੀ ਕਚਹਿਰੀ ਵਿਚ ਨਿਬੜੇਗਾ।
ਸ. ਬਾਦਲ ਨੇ ਕਿਹਾ ਕਿ ਜਿਸ ਕੇਸ ਵਿਚ ਸ. ਮਜੀਠੀਆ ਨੂੰ ਝੂਠਾ ਫਸਾਇਆ ਗਿਆ ਹੈ, ਉਸਦਾ ਨਿਪਟਾਰਾ ਸਮਰਥ ਅਦਾਲਤਾਂ ਨੇ ਲੰਬਾ ਸਮਾਂ ਪਹਿਲਾਂ ਕਰ ਦਿੱਤਾ ਸੀ ਤੇ ਦੋਸ਼ੀ ਆਪਣੀਆਂ ਸਜ਼ਾਵਾਂ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਤੇ ਇਸਦੇ ਚੁਣੇ ਹੋਏ ਹੱਥਠੋਕਿਆਂ ਨੇ ਸਾਰੇ ਕਾਨੂੰਨੀ ਤੇ ਪ੍ਰਸ਼ਾਸਕੀ ਨਿਯਮ ਕਾਨੂੰਨ ਛਿੱਕੇ ਟੰਗ ਦਿੱਤੇ ਹਨ ਤਾਂ ਜੋ ਅੱਜ ਪੰਜਾਬ ਨੁੰ ਦਰਪੇਸ਼ ਸਭ ਤੋਂ ਸੰਵੇਦਨਸ਼ੀਲ ਮਾਮਲਿਆਂ ਵਿਚੋਂ ਇਕ ’ਤੇ ਰਾਜਨੀਤੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜੋ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਤੇ ਕਾਨੂੰਨ ਤੋੜਨ ਮਰੋੜ ਕੇ ਆਪਣੇ ਸਿਆਸੀ ਆਕਾਵਾਂ ਨੁੰ ਖੁਸ਼ ਕਰ ਰਹੇ ਹਨ, ਉੁਹ ਇਸਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਸ. ਬਾਦਲ ਨੇ ਕਿਹਾ ਕਿ ਇਹ ਸਾਰੇ ਜਾਣਦੇ ਹਨ ਕਿ ਸ੍ਰੀ ਚਟੋਪਾਧਿਆਏ ਨੂੰ ਸਿਰਫ ਇਸ ਕਰ ਕੇ ਡੀ ਜੀ ਪੀ ਲਗਾਇਆ ਗਿਆ ਕਿਉਂਕਿ ਉਨ੍ਹਾਂ ਨੇ ਕਾਂਗਰਸ ਦੀ ਬਦਲਾਖੋਰੀ ਦੀ ਰਾਜਨੀਤੀ ਦਾ ਏਜੰਡਾ ਅੱਗੇ ਤੋਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਕੋਈ ਅਫਸਰਾਂ ਨੂੰ ਲਾਲਚ ਵੀ ਦਿੱਤੇ ਗਏ ਤੇ ਕਈਆਂ ਦੀ ਬਾਂਹ ਵੀ ਮਰੋੜੀ ਗਈ। ਪਰ ਇਨ੍ਹਾਂ ਵਿਚੋਂ ਬਹੁਤੇ ਜਵਾਬ ਦੇ ਗਏ ਤੇ ਹੁਣ ਡੀ ਜੀ ਪੀ ਨੇ ਆਪਣੇ ਤਕਰੀਬਨ ਬੰਦ ਰਹਿਣ ਵਾਲੇ ਤੇ ਬਹੁਤ ਘੱਟ ਵਰਤੇ ਜਾਣ ਵਾਲੇ ਪੁਲਿਸ ਥਾਣੇ ਨੂੰ ਗੈਰ ਕਾਨੂੰਨੀ ਹੁਕਮਾਂ ਦੀ ਪਾਲਣਾ ਵਾਸਤੇ ਵਰਤਿਆ। ਅਖੀਰ ਵਿਚ ਸ੍ਰੀ ਚਟੋਪਾਧਿਆਏ ਦਾ ਸਾਹਮਣਾ ਆਪਣੇ ਕਾਨੂੰਨ ਮੰਨਣ ਵਾਲੇ ਅਫਸਰਾਂ ਨਾਲ ਹੀ ਹੈ।
ਵੀਡੀਓ ਲਈ ਕਲਿੱਕ ਕਰੋ -:
Carrot Radish Pickle | ਗਾਜਰ, ਮੂਲੀ ਅਤੇ ਹਰੀ ਮਿਰਚ ਦਾ ਅਚਾਰ | Instant Pickle | Mix Pickle | Pickle Recipe
ਸ. ਬਾਦਲ ਨੇ ਕਿਹਾ ਕਿ ਮਜੀਠੀਆ ਦੇ ਖਿਲਾਫ ਦਰਜ ਕੇਸ ਉਨ੍ਹਾਂਹਜ਼ਾਰਾਂ ਕੇਸਾਂ ਦਾ ਸਿਖਰ ਹੈ ਜੋ ਅਕਾਲੀ ਵਰਕਰਾਂ ਖਾਸ ਤੌਰ ’ਤੇ ਬਜ਼ੁਰਗ ਮਹਿਲਾਵਾਂ, ਪੁਰਸ਼ਾਂ ਤੇ ਬੱਚਿਆਂ ਦੇ ਖਿਲਾਫ ਦਰਜ ਕੀਤੇ ਗਏ। ਇਹਨਾ ਸ਼ਾਸਕਾਂ ਨੇ ਹਜ਼ਾਰਾਂ ਮਾਸੂਮ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ। ਪਰ ਜੋ ਅਫਸਰ ਇਸ ਲਈ ਜ਼ਿੰਮੇਵਾਰ ਹਨ, ਉਹਨਾਂ ਨੁੰ ਕਾਨੂੰਨ ਦੀ ਪ੍ਰਕਿਰਿਆ ਰਾਹੀਂ ਇਸਦਾ ਹਿਸਾਬ ਦੇਣਾ ਪਵੇਗਾ।ਸ. ਬਾਦਲ ਨੇ ਕਿਹਾ ਕਿ ਮੌਜੂਦਾ ਸ਼ਾਸਕਾਂ ਨੂੰ ਕਦੇ ਵੀ ਬੇਅਬਦੀ ਕੇਸ ਹੱਲ ਕਰਨ ਵਿਚ ਦਿਲਚਸਪੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਇਸਦਾ ਮਕਸਦ ਸਿਰਫ ਖਾਲਸਾ ਪੰਥ ਅਤੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਸਮੇਤ ਇਸਦੇ ਸੰਗਠਨਾਂ ਤੇ ਸੰਸਥਾਵਾਂ ਨੁੰ ਬਦਨਾਮ ਕਰਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸ਼ਾਸਕਾਂ ਨੇ ਅਸਲ ਦੋਸ਼ੀਆਂ ਨੂੰ ਖੁੱਲ੍ਹੇ ਛੱਡੀ ਰੱਖਿਆ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਿਆਂ ਦੇ ਬੇਅਦਬੀ ਦੋਹਾਂ ਮਾਮਲਿਆਂ ਦੇ ਅਸਲ ਦੋਸ਼ੀਆਂ ਦਾ ਬਚਾਅ ਕਰ ਰਹੀ ਹੈ ਕਿਉਂਕਿ ਇਸਦਾ ਇਕਲੌਤਾ ਮਕਸਦ ਆਪਣੇ ਸਿਆਸੀ ਵਿਰੋਧੀਆਂ ਸਿਰ ਦੋਸ਼ ਮੜ੍ਹਨਾ ਹੈ।
ਸ. ਬਾਦਲ ਨੇ ਕਿਹਾ ਕਿ ਇਸ ਗੱਲ ਦੇ ਠੋਸ ਸਬੂਤ ਹਨ ਕਿ ਕਾਂਗਰਸ ਸ਼ਾਸਕਾਂ ਨੇ ਬੇਅਦਬੀ ਮਾਮਲਿਆਂ ਪਿਛੇ ਕਾਰਵਾਈ ਬੇਨਕਾਬ ਕਰਨ ਤੋਂ ਕੋਰਾ ਤੇ ਪੂਰਨ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਕਰ ਕੇ ਇਸ ਨੂੰ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਸਰੋਵਰ ਵਿਚ ਸੁੱਟਣ ਦੇ ਦੋਸ਼ੀ ਨੁੰ ਫੜ੍ਹ ਕੇ ਪੁਲਿਸ ਹਵਾਲੇ ਕੀਤੇ ਨੂੰ ਇਕ ਹਫਤੇ ਤੋਂ ਜ਼ਿਆਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਹਾਲੇ ਤੱਕ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਮੁੱਖ ਮੰਤਰੀ ਨੇ ਇਸ ਮਾਮਲੇ ’ਤੇ ਲੋਕਾਂ ਨੂੰ ਭਰੋਸੇ ਵਿਚ ਲੈਣ ਬਾਰੇ ਕੁਝ ਸੋਚਿਆ। ਇਸਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸਰਕਾਰ ਦੀਆਂ ਤਰਜੀਹਾਂ ਕੀ ਹਨ।