ਸਾਲ 2021 ਕਿਸਾਨਾਂ ਦੇ ਸੰਘਰਸ ਦੀ ਇਤਿਹਾਸਕ ਕਹਾਣੀ ਲਿਖ ਗਿਆ। ਕੇਂਦਰ ਸਰਕਾਰ ਦੇ ਪਾਸ ਕੀਤੇ ਤਿੰਨ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਸੰਗਠਨਾਂ ਦੀ ਅਗਵਾਈ ਵਿੱਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਸੁਤੰਤਰ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੱਡੇ ਅੰਦੋਲਨ ਦੀ ਸ਼ੁਰੂਆਤ ਕੀਤੀ। ਲਗਭਗ 13 ਮਹੀਨੇ ਚੱਲੇ ਸ਼ਾਂਤੀਪੂਰਵਕ ਅੰਦੋਲਨ ਵਿੱਚ ਹਾਲਾਂਕਿ ਕਈ ਉਤਾਰ-ਚੜ੍ਹਾਅ ਵੀ ਵੇਖਣ ਨੂੰ ਮਿਲੇ। ਇਸ ਅੰਦੋਲਨ ਨੇ ਪੂਰੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਦਾ ਵੀ ਧਿਆਨ ਆਪਣੇ ਵੱਲ ਖਿੱਚਿਆ। ਅਖੀਰ ਹੁਣ ਤੱਕ ਦੇ ਸਭ ਤੋਂ ਲੰਮੇ ਚੱਲੇ ਇਸ ਸੰਘਰਸ਼ ਦੀ ਜਿੱਤ ਹੋਈ ਤੇ ਕੇਂਦਰ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨ ਵਾਪਿਸ ਲੈ ਲਏ।
ਆਓ ਨਜ਼ਰ ਮਾਰੀਏ ਸਾਲ ਭਰ ਚੱਲੇ ਇਸ ਇਤਿਹਾਸਕ ਅੰਦੋਲਨ ਦੀ ਸ਼ੁਰੂਆਤ ਤੋਂ ਅੰਤ ਤੱਕ ਦੇ ਸਫਰ ‘ਤੇ :
- 5 ਜੂਨ 2020 : ਕੇਂਦਰ ਸਰਕਾਰ ਨੇ 3 ਖੇਤੀ ਬਿੱਲਾਂ ਨੂੰ ਸੰਸਦ ‘ਚ ਰੱਖਿਆ। 20 ਸਤੰਬਰ ਨੂੰ ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿੱਚ ਪਾਸ।
- 20 ਸਤੰਬਰ 2020 : ਅੰਦੋਲਨ ਦੀ ਸ਼ੁਰੂਆਤ, ਕਿਸਾਨਾਂ ਨੇ 3 ਦਿਨ ਲਈ ਰੇਲ ਰੋਕੀ। 15 ਅਕਤੂਬਰ ਨੂੰ ਅੰਦੋਲਨ ਚਲਾਉਣ ਦੀ ਚਿਤਾਵਨੀ।
- 26 ਨਵੰਬਰ 2020 : ਕੇਂਦਰ ਦੇ 3 ਖੇਤੀ ਕਾਨੂੰਨਾਂ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਨਾਰਾਜ਼ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ ਕਰਕੇ ਪੱਕਾ ਮੋਰਚਾ ਲਾਇਆ।
- 19 ਨਵੰਬਰ 2021 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ‘ਤੇ ਖੇਤੀ ਕਾਨੂੰਨ ਵਾਪਿਸ ਲੈਣ ਦਾ ਐਲਾਨ ਕੀਤਾ।
- 9 ਦਸੰਬਰ 2021 : ਮੋਰਚੇ ਦੇ ਸੱਦੇ ‘ਤੇ ਦਿੱਲੀ ਵਿੱਚ ਜਮ੍ਹਾ ਹੋਏ ਹਜ਼ਾਰਾਂ ਕਿਸਾਨਾਂ ਨੇ ਘਰ ਵਾਪਸੀ ਕੀਤੀ। ਦੇਸ਼ ਭਰ ਵਿੱਚ ਉਨ੍ਹਾਂ ਦਾ ਸਨਮਾਨ ਹੋਇਆ।
ਦਿੱਲੀ ਪਹੁੰਚਣ ਤੋਂ ਪਹਿਲਾਂ ਕਿਸਾਨਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਰੇਲ ਰੋਕੋ ਤੋਂ ਸ਼ੁਰੂ ਕਿਸਾਨ ਅੰਦੋਲਨ ਸਰਹੱਦਾਂ ਤੇ ਸਾਰੀਆਂ ਰੁਕਾਵਟਾਂ ਤੋੜ ਦਿੱਲੀ ਪਹੁੰਚਿਆ। ਜਦੋਂ ਆਵਾਜ਼ ਨਹੀਂ ਸੁਣੀ ਤਾਂ ਕਿਸਾਨਾਂ ਨੇ ਭਾਰਤ ਬੰਦ ਤੇ ਕ੍ਰਾਂਤੀ ਕਰਕੇ ਆਪਣੀ ਆਵਾਜ਼ ਕੇਂਦਰ ਤੱਕ ਪਹੁੰਚਾਈ।
ਹੋਰ ਰਾਜਾਂ ਤੋਂ ਜਦੋਂ ਲੱਖਾਂ ਕਿਸਾਨਾਂ ਨੇ ਗਣਤੰਤਰ ਦਿਵਸ ‘ਤੇ ਬਰਾਬਰ ਦੀ ਟਰੈਕਟਰ ਰੈਲੀ ਕੀਤੀ ਤਾਂ ਪਹਿਲੀ ਵਾਰ ਅੰਦੋਲਨ ਹਿੰਸਾਤਮਕ ਹੋਇਆ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਕਾਨੂੰਨਾਂ ‘ਤੇ ਰੋਕ ਲੱਗੀ ਅਤੇ ਐਕਸਪਰਟ ਕਮੇਟੀ ਬਣੀ। ਕੇਂਦਰ ਨੇ 14 ਗੇੜ ਦੀ ਗੱਲਬਾਤ ਕੀਤੀ।
ਅੰਦੋਲਨ ਵਿੱਚ ਕਈ ਉਤਾਰ-ਚੜਾਅ ਵੀ ਵੇਖਣ ਨੂੰ ਮਿਲੇ। ਬੇਅਦਬੀ ਦੇ ਦੋਸ਼ ਵਿੱਚ ਨੌਜਵਾਨ ਦਾ ਕਤਲ, ਦਿੱਲੀ ਬਾਰਡਰ ‘ਤੇ ਹੋਈਆਂ ਖੁਦਕੁਸ਼ੀਆਂ ਤੇ ਦੇਸ਼ ਵਿਰੋਧੀ ਅਨਸਰਾਂ ਦੀ ਸ਼ਮੂਲੀਅਤ ਦੇ ਦੋਸ਼ਾਂ ਨਾਲ ਅੰਦੋਲਨ ‘ਤੇ ਸਵਾਲ ਉਠੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਖੇਤੀ ਕਾਨੂੰਨਾਂ ‘ਤੇ ਦਲੀਲਾਂ ਵਿਚਾਲੇ ਪੀ.ਐੱਮ. ਮੋਦੀ ਦੇ ਕਾਨੂੰਨ ਵਾਪਿਸ ਲੈਣ ‘ਤੇ ਅੰਦੋਲਨ ਸਮਾਪਤੀ ਵੱਲ ਵਧਿਆ। ਸੰਸਦ ਵਿੱਚ ਪ੍ਰਸਤਾਵ ਪਾਸ ਹੋਏ। ਲਗਭਗ 13 ਮਹੀਨਿਆਂ ਬਾਅਦ ਘਰ ਵਾਪਸੀ ਨਾਲ ਕਿਸਾਨ ਅੰਦੋਲਨ ਸੰਘਰਸ਼ ਦਾ ਨਵਾਂ ਇਤਿਹਾਸ ਸਿਰਜਿਆ ਗਿਆ।