ਅਫਗਾਨਿਸਤਾਨ ਵਿੱਚ ਕੰਮ ਕਰਦੇ ਹੋਏ ਆਪਣੀ ਜਾਨ ਗੁਆਉਣ ਵਾਲੇ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਨੂੰ ਮੁੰਬਈ ਪ੍ਰੈੱਸ ਕਲੱਬ ਵੱਲੋਂ ਮਰਨ ਉਪਰੰਤ ‘ਜਰਨਲਿਸਟ ਆਫ ਦਿ ਈਅਰ’ ਐਵਾਰਡ-2020 ਨਾਲ ਸਨਮਾਨਿਤ ਕੀਤਾ ਗਿਆ ਹੈ।
ਭਾਰਤ ਦੇ ਚੀਫ਼ ਜਸਟਿਸ ਐਨ. ਵੀ. ਰਮਨ ਨੇ ਬੁੱਧਵਾਰ ਨੂੰ ਮੁੰਬਈ ਪ੍ਰੈਸ ਕਲੱਬ ਵੱਲੋਂ ਆਯੋਜਿਤ ਇੱਕ ਸਮਾਗਮ ਵਿੱਚ ਸਾਲਾਨਾ ‘ਰੈੱਡਇੰਕ ਐਵਾਰਡਜ਼ ਫਾਰ ਐਕਸੀਲੈਂਸ ਇਨ ਜਰਨਲਿਜ਼ਮ’ ਪ੍ਰਦਾਨ ਕੀਤਾ।
ਉਨ੍ਹਾਂ ਸਿੱਦੀਕੀ ਨੂੰ “ਖੋਜੀ ਅਤੇ ਪ੍ਰਭਾਵਸ਼ਾਲੀ ਨਿਊਜ਼ ਫੋਟੋਗ੍ਰਾਫੀ ਵਿੱਚ ਉਸਦੇ ਕੰਮ ਲਈ” ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਦਾਨਿਸ਼ ਦੀ ਪਤਨੀ ਫਰੈਡਰਿਕ ਸਿੱਦੀਕੀ ਨੇ ਪੁਰਸਕਾਰ ਲਿਆ।
ਪੱਤਰਕਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਚੀਫ਼ ਜਸਟਿਸ ਨੇ ਕਿਹਾ ਕਿ ਉਹ ਇਸ ਦੌਰ ਦੇ ਮੋਹਰੀ ਫੋਟੋ ਪੱਤਰਕਾਰਾਂ ਵਿੱਚੋਂ ਇੱਕ ਮੰਨੇ ਜਾਂਦੇ ਸਨ। ਜੇ ਕੋਈ ਤਸਵੀਰ ਹਜ਼ਾਰ ਸ਼ਬਦ ਬੋਲ ਸਕਦੀ ਹੈ ਤਾਂ ਉਸ ਦੀਆਂ ਤਸਵੀਰਾਂ ਨਾਵਲ ਸਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਦੂਜੇ ਪਾਸੇ ਸੀਨੀਅਰ ਪੱਤਰਕਾਰ ਪ੍ਰੇਮ ਸ਼ੰਕਰ ਝਾਅ (83) ਨੂੰ ‘ਤਿੱਖੀ ਅਤੇ ਵਿਸ਼ਲੇਸ਼ਣਾਤਮਕ ਲੇਖਨ ਦੇ ਲੰਮੇ ਤੇ ਵਿਲੱਖਣ ਕਰੀਅਰ ਲਈ’ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਝਾਅ ਨੂੰ ਵਧਾਈ ਦਿੰਦਿਆਂ ਚੀਫ਼ ਜਸਟਿਸ ਨੇ ਕਿਹਾ, “ਇਸ ਖੇਤਰ ਵਿੱਚ ਸਖ਼ਤ ਮਿਹਨਤ, ਉੱਚ ਨੈਤਿਕ ਮਿਆਰਾਂ ਅਤੇ ਅਥਾਹ ਬੁੱਧੀ ਦੇ ਖੇਤਰ ਵਿੱਚ ਉਨ੍ਹਾਂ ਦੀ ਸਾਖ ਬੇਮਿਸਾਲ ਹੈ।”
ਮੁੰਬਈ ਪ੍ਰੈਸ ਕਲੱਬ ਨੇ ਇੱਕ ਦਹਾਕਾ ਪਹਿਲਾਂ ਚੰਗੀ ਖੋਜ ਅਤੇ ਫੀਚਰ ਲੇਖਨ ਨੂੰ ਮਾਨਤਾ ਦੇਣ ਅਤੇ ਦੇਸ਼ ਵਿੱਚ ਪੱਤਰਕਾਰੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ‘ਦਿ ਰੈੱਡਇੰਕ ਐਵਾਰਡਸ’ ਦੀ ਸਥਾਪਨਾ ਕੀਤੀ ਸੀ। ਸਿੱਦੀਕੀ ਅਤੇ ਝਾਅ ਤੋਂ ਇਲਾਵਾ ਕਈ ਹੋਰ ਪੱਤਰਕਾਰਾਂ ਨੂੰ ਪੁਰਸਕਾਰਾਂ ਦੇ 10ਵੇਂ ਐਡੀਸ਼ਨ ਤਹਿਤ 12 ਸ਼੍ਰੇਣੀਆਂ ਵਿੱਚ ਸਨਮਾਨਤ ਕੀਤਾ ਗਿਆ।