ਅਭਿਨੇਤਾ ਵਿੱਕੀ ਕੌਸ਼ਲ ਇੰਦੌਰ ਵਿਚ ਸਾਰਾ ਅਲੀ ਖਾਨ ਨੂੰ ਬਾਈਕ ‘ਤੇ ਘੁਮਾ ਕੇ ਫਸ ਗਏ ਹਨ। ਵਿੱਕੀ ਨੇ ਸਾਰਾ ਨੂੰ ਜਿਸ ਬਾਈਕ ‘ਤੇ ਘੁਮਾਇਆ, ਉਹ ਨੰਬਰ ਇੱਕ ਐਕਟਿਵਾ ਦਾ ਨਿਕਲਿਆ। ਸੋਸ਼ਲ ਮੀਡੀਆ ‘ਤੇ ਸ਼ੂਟਿੰਗ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਇਸ ਨੰਬਰ ਦੇ ਅਸਲ ਮਾਲਕ ਨੇ ਪੁਲਿਸ ਵਿਚ ਸ਼ਿਕਾਇਤ ਕਰ ਦਿੱਤੀ ਹੈ।
ਵਿੱਕੀ ਤੇ ਸਾਰਾ ਇੰਦੌਰ ਵਿਚ ਲੁਕਾ-ਛਿਪੀ-2 ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਸੀਨ ਨੂੰ ਲੈ ਕੇ ਵਿੱਕੀ ਕੌਸ਼ਲ ਤੇ ਫਿਲਮ ਡਾਇਰੈਕਟਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਐਕਟਿਵਾ ਦਾ ਨੰਬਰ ਇਸਤੇਮਾਲ ਕੀਤੇ ਜਾਣ ਦੀ ਸ਼ਿਕਾਇਤ RTO ਵਿਚ ਵੀ ਕੀਤੀ ਗਈ ਹੈ। ਆਰ. ਟੀ. ਓ. ਨੇ ਵੀ ਇਸ ਨੂੰ ਗੈਰ-ਕਾਨੂੰਨੀ ਮੰਨਿਆ ਹੈ। ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਸੋਸ਼ਲ ਮੀਡੀਆ ‘ਤੇ ਫੋਟੋ ਸਾਹਮਣੇ ਆਉਣ ਤੋਂ ਬਾਅਦ ਅਸਲ ਨੰਬਰ ਦੇ ਮਾਲਕ ਜੈਦੇਵ ਸਿੰਘ ਯਾਦਵ ਪ੍ਰੇਸ਼ਾਨ ਹੋ ਗਏ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਇਸ ਬਾਰੇ ਕੁਝ ਖਬਰ ਹੀ ਨਹੀਂ ਹੈ। MP-09 UL-4872 ਮੇਰੀ ਐਕਟਿਵਾ ਦਾ ਨੰਬਰ ਹੈ। ਇਹ ਗੱਡੀ ਮੈਂ ਏਰੋਡ੍ਰਮ ਸ਼ੋਅਰੂਮ ਤੋਂ 25 ਮਈ 2018 ਨੂੰ ਖਰੀਦੀ ਸੀ। ਫਿਲਮ ਵਾਲਿਆਂ ਨੇ ਕਿਵੇਂ ਮੇਰੀ ਐਕਟਿਵਾ ਦਾ ਨੰਬਰ ਬਾਈਕ ‘ਤੇ ਲਗਾਇਆ, ਬਾਈਕ ‘ਤੇ ਲੱਗੇ ਮੇਰੇ ਨੰਬਰ ਤੋਂ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਕੌਣ ਜ਼ਿੰਮੇਵਾਰ ਹੁੰਦਾ?
ਇੰਦੌਰ RTO ਜਿਤੇਂਦਰ ਰਘੁਵੰਸ਼ੀ ਮੁਤਾਬਕ ਅਜਿਹਾ ਕਰਨਾ ਗਲਤ ਹੈ। ਕਿਸੇ ਵੀ ਵਾਹਨ ਦਾ ਨੰਬਰ ਕੋਈ ਹੋਰ ਵਿਅਕਤੀ ਚਾਹ ਕੇ ਵੀ ਇਸਤੇਮਾਲ ਨਹੀਂ ਕਰ ਸਕਦਾ। ਭਾਵੇਂ ਵਾਹਨ ਮਾਲਕ ਇਸ ਦੀ ਇਜਾਜ਼ਤ ਵੀ ਦੇ ਦੇਵੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਣਕਾਰੀ ਮਿਲੀ ਹੈ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: