ਪਟਿਆਲਾ : ਥਾਪਰ ਕਾਲਜ ਤੋਂ ਕੋਰੋਨਾ ਪੌਜ਼ੀਟਿਵ ਮਾਮਲੇ ਮਿਲਣ ਦਾ ਸਿਲਸਿਲਾ ਜਾਰੀ ਹੈ। ਅੱਜ 42 ਹੋਰ ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ। ਉਥੇ ਹੀ ਜ਼ਿਲ੍ਹੇ ਵਿੱਚ ਅੱਜ 98 ਨਵੇਂ ਮਾਮਲੇ ਸਾਹਮਣੇ ਆਏ। ਜਿਨ੍ਹਾਂ ਵਿੱਚ ਪਟਿਆਲਾ ਤੋਂ 88, ਨਾਭਾ, ਰਾਜਪੁਰਾ, ਸਮਾਣਾ ਤੇ ਬਲਾਕ ਭਾਦਸੋਂ ਤੋਂ 1-1 ਅਤੇ ਬਲਾਕ ਕੋਲੀ ਤੋਂ 3 ਮਰੀਜ਼ ਮਿਲੇ, ਉਥੇ ਥਾਪਰ ਕਾਲਜ ਤੋਂ 42 ਹੋਰ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਮਿਲੇ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਥਾਪਰ ਕਾਲਜ ਤੋਂ 307 ਐਂਟੀਜਨ ਸੈਂਪਲ ਲਏ ਗਏ, ਜਿਨ੍ਹਾਂ ਵਿਚੋਂ 42 ਦੀ ਰਿਪੋਰਟ ਪਾਜ਼ੀਟਿਵ ਆਈ। ਅੱਜ ਮਿਲੇ ਕੇਸਾਂ ਨੂੰ ਮਿਲਾ ਕੇ ਹੁਣ ਤੱਕ ਥਾਪਰ ਕਾਲਜ ਤੋਂ 69 ਮਾਮਲੇ ਸਾਹਮਣੇ ਆ ਚੁੱਕੇ ਹਨ। ਕਾਲਜ ਵਿੱਚ ਟੈਸਟਿੰਗ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ।
ਅੱਜ ਜ਼ਿਲ੍ਹੇ ਕੁਲ 1357 ਕੋਵਿਡ ਰਿਪੋਰਟਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ 98 ਕੇਸ ਪਾਜ਼ੀਟਿਵ ਸਨ। ਅੱਜ ਸਾਹਮਣੇ ਆਏ ਮਾਮਲਿਆਂ ਤੋਂ ਬਾਅਦ ਜ਼ਿਲ੍ਹੇ ਵਿੱਚ ਕੁਲ ਪਾਜ਼ੀਟਿਵ ਕੇਸਾਂ ਦੀ ਗਿਣਤੀ 49272 ਹੋ ਗਈ ਹੈ। ਅੱਜ 6 ਮਰੀਜ਼ਾਂ ਨੂੰ ਠੀਕ ਹੋਣ ‘ਤੇ ਹਸਪਤਾਲੋਂ ਛੁੱਟੀ ਦਿੱਤੀ ਗਈ, ਜਿਸ ਨਾਲ ਹੁਣ ਤੱਕ ਜ਼ਿਲ੍ਹੇ ਵਿੱਚ ਮਹਾਮਾਰੀ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 47664 ਹੋ ਗਈ। ਇਸ ਵੇਲੇ ਜ਼ਿਲ੍ਹੇ ਵਿੱਚ ਐਕਟਿਵ ਕੇਸ 244 ਹਨ, ਜਦਕਿ ਹੁਣ ਤੱਕ 1364 ਲੋਕਾਂ ਨੇ ਇਸ ਮਹਾਮਾਰੀ ਕਰਕੇ ਜਾਨ ਗੁਆ ਚੁੱਕੇ ਹਨ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜ਼ਿਲ੍ਹੇ ਵਿੱਚ ਅੱਜ 1437 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 10,86,829 ਸੈਂਪਲ ਲਏ ਜਾ ਚੁੱਕੇ ਹਨ।
ਸਿਵਲ ਸਰਜਨ ਡਾ. ਸੋਢੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਵਿਡ ਕੇਸਾਂ ਦਾ ਕਾਰਨ ਲੋਕਾਂ ਵੱਲੋਂ ਕੋਵਿਡ ਸਾਵਧਾਨੀਆ ਪ੍ਰਤੀ ਅਵੇਸਲਾ ਹੋਣਾ ਹੈ। ਉਹਨਾਂ ਕਿਹਾ ਕਿ ਜੇ ਅਜੇ ਵੀ ਲੋਕ ਇਸ ਪ੍ਰਤੀ ਸੁਚੇਤ ਨਾ ਹੋਏ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਭਲਕੇ ਇਨ੍ਹਾਂ ਥਾਵਾਂ ‘ਤੇ ਲੱਗੇਗੀ ਵੈਕਸੀਨ
ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈਂਪਾਂ ਵਿੱਚ 7369 ਲੋਕਾਂ ਵੱਲੋਂ ਕੋਵਿਡ ਵੈਕਸੀਨ ਲਗਵਾਈ ਗਈ ਹੈ। 02 ਜਨਵਰੀ ਦਿਨ ਐਤਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ, ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ, ਹੀਲ ਐਂਡ ਕੇਅਰ ਹਸਪਤਾਲ ਨੇੜੇ ਟਿਵਾਣਾ ਚੌਂਕ ਭਾਦਸੋਂ ਰੋਡ, ਸ਼ਿਵ ਸਾਂਈ ਮੰਦਰ ਪੁਰਾਣਾ ਬਿਸ਼ਨ ਨਗਰ ਗਲੀ ਨੰਬਰ 9, ਇਮਲੀ ਵਾਲਾ ਗੁਰੂਦੁਆਰਾ ਜੱਟਾਂ ਵਾਲਾ ਚੌਂਤਰਾ ਵਾਰਡ ਨੰਬਰ 43, ਵਿਕਾਸ ਨਗਰ ਨੇੜੇ ਦੀਪ ਨਗਰ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾ ਵਿੱਚ ਵੀ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ, ਜਿਥੇ ਉਨ੍ਹਾਂ ਨੂੰ ਕੋਵੀਸ਼ੀਲਡ ਵੈਕਸੀਨ ਲਾਈ ਜਾਵੇਗੀ।
ਉਪਰੋਕਤ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ਵਿੱਚ ਕੋਵੈਕਸੀਨ ਨਾਲ ਟੀਕਾਕਰਨ ਵੀ ਕੀਤਾ ਜਾਵੇਗਾ।