ਮੱਧ ਪ੍ਰਦੇਸ਼ ਦੇ ਪੰਨਾ ਵਿੱਚ ਇੱਕ ਬੱਸ ਹਾਦਸੇ ‘ਚ 22 ਲੋਕਾਂ ਦੀ ਮੌਤ ਦੇ ਛੇ ਸਾਲਾਂ ਬਾਅਦ ਇੱਕ ਸਥਾਨਕ ਅਦਾਲਤ ਨੇ ਡਰਾਈਵਰ ਨੂੰ 190 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ 19 ਮੌਤਾਂ ‘ਤੇ ਹਰੇਕ ਲਈ 10-10 ਸਾਲ ਦੇ ਹਿਸਾਬ ਨਾਲ ਸੁਣਾਈ ਗਈ ਹੈ। ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਵਧੇਰੇ ਪ੍ਰਵਾਸੀ ਮਜ਼ਦੂਰ ਸਨ। ਅਦਾਲਤ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ 10 ਸਾਲ ਦੀ ਸਜ਼ਾ ਵੱਖਰੇ ਤੌਰ ‘ਤੇ ਚੱਲੇਗੀ।
ਇਹ ਸ਼ਾਇਦ ਪਹਿਲੀ ਵਾਰ ਹੈ ਕਿ ਕਿਸੇ ਭਿਆਨਕ ਹਾਦਸੇ ਲਈ ਕਿਸੇ ਡਰਾਈਵਰ ਨੂੰ ਅਜਿਹੀ ਕੈਦ ਹੋਈ ਹੋਵੇ। 47 ਸਾਲਾ ਡਰਾਈਵਰ ਸ਼ਮਸ਼ੁਦੀਨ ਲਾਪਰਵਾਹੀ ਨਾਲ ਗੱਡੀ ਚਲਾਉਣ ਤੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ। ਸਹਾਇਕ ਸਰਕਾਰੀ ਵਕੀਲ ਕਪਿਲ ਵਿਆਸ ਨੇ ਦੱਸਿਆ ਕਿ ਬੱਸ ਮਾਲਕ ਨੂੰ ਵੀ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।
4 ਮਈ, 2015 ਨੂੰ ਇੱਕ ਪੈਸੇਂਜਰ ਬੱਸ (ਐਮ ਪੀ 0533), 65 ਯਾਤਰੀਆਂ ਨੂੰ ਲੈ ਕੇ ਮਡਲਾ ਪਹਾੜੀ ਨੇੜੇ ਇੱਕ ਸੁੱਕੀ ਨਹਿਰ ਵਿੱਚ ਡਿੱਗ ਗਈ ਸੀ, ਜਿਸ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਦੇ ਕਰੀਬ ਯਾਤਰੀ ਜ਼ਖਮੀ ਹੋ ਗਏ।
ਜਾਂਚ ਦੌਰਾਨ ਪਤਾ ਲੱਗਾ ਕਿ ਬੱਸ ਵਿੱਚ ਐਮਰਜੈਂਸੀ ‘ਚ ਬਾਹਰ ਨਿਕਲਣ ਵਾਲੇ ਦਰਵਾਜ਼ੇ ਨੂੰ ਲੋਹੇ ਦੀਆਂ ਰਾਡਾਂ ਨਾਲ ਬੰਦ ਕਰਕੇ ਉਸ ਦੀ ਥਾਂ ‘ਤੇ ਵਾਧੂ ਸੀਟ ਲਗਾਈ ਗਈ ਸੀ, ਜਿਸ ਕਰਕੇ ਯਾਤਰੀ ਬਾਹਰ ਨਹੀਂ ਨਿਕਲ ਸਕੇ ਅਤੇ ਅੱਗ ਵਿੱਚ ਫਸ ਗਏ ਸਨ। ਮਾਰੇ ਗਏ ਕਈ ਲੋਕਾਂ ਦੀ ਸੜਨ ਕਰਕੇ ਪਛਾਣ ਵੀ ਨਹੀਂ ਹੋ ਸਕੀ ਸੀ।
ਸ਼ਮਸ਼ੁਦੀਨ ਨੂੰ ਯਾਤਰੀਆਂ ਨੇ ਕਈ ਵਾਰ ਬੱਸ ਹੌਲੀ ਕਰਨ ਲਈ ਵੀ ਕਿਹਾ ਸੀ ਪਰ ਇਸ ਦੇ ਬਾਵਜੂਦ ਉਹ ਲਾਪਰਵਾਹੀ ਨਾਲ ਗੱਡੀ ਚਲਾਉਂਦਾ ਰਿਹਾ। ਡਰਾਈਵਰ ਅਤੇ ਬੱਸ ਮਾਲਕ ਗਿਆਨੇਂਦਰ ਪਾਂਡੇ ਸਤਨਾ ਦੇ ਰਹਿਣ ਵਾਲੇ ਹਨ, ਜਿੱਥੇ ਬੱਸ ਜਾ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਦੋਸ਼ੀਆਂ ‘ਤੇ ਆਈਪੀਸੀ ਦੀ ਧਾਰਾ 304 (ਏ) (ਲਾਪਰਵਾਹੀ ਕਾਰਨ ਮੌਤ), 304 (ਕਤਲ), 279 ਅਤੇ 337 (ਲਾਪਰਵਾਹੀ ਨਾਲ ਡਰਾਈਵਿੰਗ ਕਰਨ ਲਈ) ਅਤੇ ਮੋਟਰ ਵ੍ਹੀਕਲ ਐਕਟ ਦੀ ਧਾਰਾ 184 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਜਾਂਚ ਪੂਰੀ ਹੋਣ ਤੋਂ ਬਾਅਦ ਵਿਸ਼ੇਸ਼ ਜੱਜ ਆਰ.ਪੀ. ਸੋਨਕਰ ਦੀ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਈ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਹੁਕਮ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ 10 ਸਾਲ ਦੀ ਸਜ਼ਾ ਵੱਖਰੇ ਤੌਰ ‘ਤੇ ਚੱਲੇਗੀ।