ਫੌਜ ਦੇ ਇੱਕ ਹੈਲੀਕਾਪਟਰ ਨੂੰ ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਐਤਵਾਰ ਨੂੰ ਖੇਤ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹੈਲੀਕਾਪਟਰ ਵਿੱਚ ਚਾਰ ਫੌਜੀ ਸਵਾਰ ਸਨ, ਜਦੋਂ ਨਰਵਾਣਾ ਕਸਬੇ ਦੇ ਜਾਜਨਵਾਲਾ ਪਿੰਡ ਵਿੱਚ ਇਸ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਸਾਰੇ ਸੁਰੱਖਿਅਤ ਹਨ।
ਜਿਵੇਂ ਵੀ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਜਲਦੀ ਹੀ ਹੈਲੀਕਾਪਟਰ ਨੂੰ ਦੇਖਣ ਲਈ ਉਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ।ਪ੍ਰਸ਼ਾਸਨ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਜਦੋਂ ਹੈਲੀਕਾਪਟਰ ਹੇਠਾਂ ਉਤਰ ਰਿਹਾ ਸੀ ਤਾਂ ਲੋਕ ਇਧਰ-ਉਧਰ ਭੱਜਦੇ ਨਜ਼ਰ ਆਏ।
ਹੈਲੀਕਾਪਟਰ ਨੂੰ ਹੇਠਾਂ ਆਉਂਦੇ ਵੇਖ ਪਿੰਡ ਵਾਸੀ ਇਕ ਵਾਰ ਤਾਂ ਘਬਰਾ ਗਏ, ਪਰ ਥੋੜ੍ਹੀ ਹੀ ਦੇਰ ਬਾਅਦ ਹੈਲੀਕਾਪਟਰ ਪਿੰਡ ਤੋਂ ਕੁਝ ਦੂਰੀ ‘ਤੇ ਪਿੰਡ ਜਾਜਨਵਾਲਾ ਨਿਵਾਸੀ ਜਬਰ ਸਿੰਘ ਦੇ ਕਣਕ ਦੇ ਖੇਤਾਂ ਵਿੱਚ ਉਤਰ ਗਿਆ। ਇਸ ਵਿੱਚ ਹੈਲੀਕਾਪਟਰ ਵਿੱਚ ਸਵਾਰ ਫੌਜ ਦੇ ਚਾਰ ਜਵਾਨ ਉਤਰੇ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਪਤਾ ਲੱਗਾ ਹੈ ਕਿ ਹੈਲੀਕਾਪਟਰ ਵਿੱਚ ਤਕਨੀਕੀ ਖਰਾਬੀ ਕਰਕੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਬਾਰੇ ਫੌਜ ਦੀ ਤਕਨੀਕੀ ਵਿੰਗ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਹੈਲੀਕਾਪਟਰ ਵਿੱਚ ਕੀ ਖਰਾਬੀ ਆਈ ਹੈ, ਇਸ ਬਾਰੇ ਹੈਲੀਕਾਪਟਰ ਵਿੱਚ ਸਵਾਰ ਫੌਜ ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਫੌਜ ਦੇ ਜਵਾਨ ਆਪਣੇ ਪੱਧਰ ‘ਤੇ ਖਰਾਬੀ ਨੂੰ ਠੀਕ ਕਰਨ ਵਿੱਚ ਲੱਗੇ ਹੋਏ ਹਨ।
ਫੌਜ ਦੇ ਜਵਾਨਾਂ ਨੇ ਕਿਸੇ ਵੀ ਪਿੰਡ ਵਾਲੇ ਨੂੰ ਹੈਲੀਕਾਪਟਰ ਦੇ ਕੋਲ ਨਹੀਂ ਜਾਣ ਦਿੱਤਾ। ਦੱਸਿਆ ਜਾਂਦਾ ਹੈ ਕਿ ਹੈਲੀਕਾਪਟਰ ਨੇ ਪੰਜਾਬ ਦੇ ਬਠਿੰਡਾ ਤੋਂ ਉਡਾਣ ਭਰੀ ਸੀ ਤੇ ਦਿੱਲੀ ਜਾ ਰਿਹਾ ਸੀ ਪਰ ਪਾਇਲਟ ਨੂੰ ਅਚਾਨਕ ਹੀ ਖਰਾਬੀ ਦਾ ਪਤਾ ਲੱਗਾ ਤਾਂ ਉਸ ਨੂੰ ਖੇਤਾਂ ਵਿੱਚ ਉਤਾਰ ਦਿੱਤਾ ਗਿਆ।