ਉੱਤਰੀ ਕੋਰੀਆ ਖਾਣੇ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਤਾਨਾਸ਼ਾਹ ਕਿਮ ਜੋਂਗ ਉਨ ਨੇ ਲੋਕਾਂ ਲਈ ਨਵਾਂ ਹੁਕਮ ਜਾਰੀ ਕੀਤਾ ਹੈ। 2022 ‘ਚ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦਾ ਮੁੱਖ ਟੀਚਾ ਆਰਥਿਕ ਵਿਕਾਸ ਰਹੇਗਾ। ਇਸ ਲਈ ਉਸ ਨੇ ਲੋਕਾਂ ਨੂੰ ਘੱਟ ਖਾਣਾ ਖਾਣ ਨੂੰ ਕਿਹਾ ਹੈ। ਉੱਤਰ ਕੋਰੀਆ ਦੀ ਸਰਕਾਰੀ ਮੀਡੀਆ ਮੁਤਾਬਕ ਕੋਰੀਆ ਵਰਕਰਸ ਪਾਰਟੀ ਦੀ ਬੈਠਕ ‘ਚ ਕਿਮ ਜੋਂਗ ਨੇ ਇਸ ਬਾਰੇ ਜਾਣਕਾਰੀ ਦਿੱਤੀ। ਕਿਮ ਨੇ ਕਿਹਾ ਹੁਣ ਦੇਸ਼ ‘ਚ ਫੈਕਟਰੀਆਂ ਲਗਾਉਣ ‘ਤੇ ਕੰਮ ਹੋਵੇਗਾ ਤੇ ਲੋਕਾਂ ਦੇ ਜੀਵਨ ‘ਚ ਸੁਧਾਰ ਲਿਆਇਆ ਜਾਵੇਗਾ। ਇਸ ਸਮੇਂ ਦੇਸ਼ ‘ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ।’
ਮੀਡੀਆ ਨੇ ਕਿਮ ਨੂੰ ਜੋ ਤਸਵੀਰ ਜਾਰੀ ਕੀਤੀ ਹੈ ਉਨ੍ਹਾਂ ‘ਚ ਉਹ ਪਹਿਲਾਂ ਦੇ ਮੁਕਾਬਲੇ ਕਾਫੀ ਪਤਲਾ ਨਜ਼ਰ ਆ ਰਿਹਾ ਹੈ। ਸਰਕਾਰੀ ਅਧਿਕਾਰੀਆਂ ਮੁਤਾਬਕ ਦੇਸ਼ ‘ਚ ਭੋਜਨ ਦੀ ਕਮੀ ਨੂੰ ਦੇਖਦੇ ਹੋਏ ਕਿਮ ਜੋਂਗ ਨੇ ਆਪਣੀ ਖੁਰਾਕ ਘੱਟ ਕਰ ਦਿੱਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਹਾਲਾਤ ਨਾਰਮਲ ਹੋਣ ਤੱਕ ਦੇਸ਼ ਦੇ ਲੋਕਾਂ ਨੂੰ ਵੀ ਘੱਟ ਖਾਣਾ ਖਾਣ ਦਾ ਹੁਕਮ ਦਿੱਤਾ ਹੈ।
ਕਿਮ ਜੋਂਗ ਉਨ ਨੇ ਆਪਣਾ ਭਾਰ 20 ਕਿਲੋ ਘੱਟ ਕਰ ਲਿਆ ਹੈ। 37 ਸਾਲ ਦੇ ਕਿਮ ਦਾ ਭਾਰ 2019 ‘ਚ 140 ਕਿਲੋ ਸੀ ਜੋ ਘੱਟ ਕੇ 120 ਕਿਲੋ ਰਹਿ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਉੱਤਰ ਕੋਰੀਆ ਵਿਚ ਭੋਜਨ ਦੀ ਕਮੀ ਚੱਲ ਰਹੀ ਹੈ। ਨਾਲ ਹੀ ਉੱਤਰ ਕੋਰੀਆ ਦਾ ਆਪਣੇ ਸਭ ਤੋਂ ਵੱਡੇ ਵਪਾਰਕ ਦੇਸ਼ ਚੀਨ ਨਾਲ ਪਿਛਲੇ ਸਾਲ ਜਨਵਰੀ ਤੋਂ ਸਤੰਬਰ ਦੌਰਾਨ ਵਪਾਰ ਵਿਚ ਲਗਭਗ 1300 ਕਰੋੜ ਰੁਪਏ ਦੀ ਕਮੀ ਆਈ ਸੀ।