ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਤੇ ਹੁਣ ਸਿਆਸਤ ਤੇਜ਼ ਹੋ ਗਈ ਹੈ। ਭੋਪਾਲ ‘ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮਹਾਮਰਿਤੁੰਜਯ ਮੰਤਰ ਦਾ ਜਾਪ ਕੀਤਾ। ਇਹ ਜਾਪ ਗੁਫਾ ਮੰਦਰ ਵਿੱਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਅੱਜ ਰਾਜਧਾਨੀ ਦਿੱਲੀ ‘ਚ ਮਹਾਮਰਿਤੁੰਜਯ ਮੰਤਰ ਦੇ ਜਾਪ ਦੇ ਨਾਲ ਕੈਂਡਲ ਮਾਰਚ ਵੀ ਕੱਢੇਗੀ।
ਜਾਣਕਾਰੀ ਮੁਤਾਬਕ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਪੀਐਮ ਮੋਦੀ ਦੀ ਲੰਬੀ ਉਮਰ ਲਈ ਮੰਤਰ ਜਾਪ ਅਤੇ ਪੂਜਾ ਅਰਚਨਾ ਕੀਤੀ ਜਾਵੇਗੀ। ਕੁਝ ਆਗੂ ਝੰਡੇਵਾਲਾਨ ਮੰਦਰ ਵੀ ਜਾਣਗੇ। ਭਾਰਤੀ ਜਨਤਾ ਪਾਰਟੀ ਦਾ ਯੁਵਾ ਮੋਰਚਾ ਵੀ ਸ਼ਾਮ 6 ਵਜੇ ਕੈਂਡਲ ਮਾਰਚ ਕੱਢੇਗਾ। ਇਹ ਕੈਂਡਲ ਮਾਰਚ ਝੰਡੇਵਾਲਾਨ ਮੰਦਰ ਤੋਂ ਹੁੰਦਾ ਹੋਇਆ ਕਨਾਟ ਪਲੇਸ ਤੱਕ ਜਾਵੇਗਾ।
ਪੀਐਮ ਮੋਦੀ ਬੁੱਧਵਾਰ ਨੂੰ ਪੰਜਾਬ ਦੌਰੇ ‘ਤੇ ਗਏ ਸਨ। ਇੱਥੋਂ ਸੜਕ ਰਾਹੀਂ ਹੁਸੈਨੀਵਾਲਾ ਨੂੰ ਜਾਂਦੇ ਸਮੇਂ ਕੁਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਸੀ। ਇਸ ਤੋਂ ਬਾਅਦ ਪੀਐਮ ਮੋਦੀ ਦਾ ਕਾਫਲਾ ਇੱਥੇ 15-20 ਮਿੰਟ ਰੁਕਿਆ ਰਿਹਾ। ਇਸ ਨੂੰ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਇੱਕ ਵੱਡੀ ਕਮੀ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਭਾਜਪਾ ਦਾ ਇਲਜ਼ਾਮ ਹੈ ਕਿ ਪੰਜਾਬ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਰਸਤੇ ਦੀ ਜਾਣਕਾਰੀ ਦਿੱਤੀ। ਜਦਕਿ ਕਾਂਗਰਸ ਦਾ ਕਹਿਣਾ ਹੈ ਕਿ ਪੀਐਮ ਮੋਦੀ ਦੀ ਰੈਲੀ ਵਿੱਚ ਭੀੜ ਨਹੀਂ ਸੀ, ਅਜਿਹੇ ਵਿੱਚ ਉਨ੍ਹਾਂ ਨੇ ਜਾਣਬੁੱਝ ਕੇ ਆਪਣਾ ਦੌਰਾ ਰੱਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: