ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਇਲਾਹਾਬਾਦ ਹਾਈਕੋਰਟ ਨੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਮਾਮਲੇ ‘ਚ ਫੈਸਲਾ 11 ਜਨਵਰੀ ਤੱਕ ਸੁਰੱਖਿਅਤ ਰੱਖ ਲਿਆ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 11 ਜਨਵਰੀ ਨੂੰ ਹੀ ਹੋਵੇਗੀ। ਇਸ ਤੋਂ ਪਹਿਲਾਂ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਐਸਆਈਟੀ ਨੇ ਸਥਾਨਕ ਅਦਾਲਤ ਵਿੱਚ 5000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਵਿੱਚ 14 ਮੁਲਜ਼ਮ ਬਣਾਏ ਗਏ ਸਨ। ਲਖੀਮਪੁਰ ਹਿੰਸਾ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀ।
ਦੱਸ ਦੇਈਏ ਕਿ ਲਖੀਮਪੁਰ ਖੀਰੀ ਦੇ ਟਿਕੁਨਿਆ ‘ਚ 3 ਅਕਤੂਬਰ ਨੂੰ ਹੋਈ ਹਿੰਸਾ ਦੇ ਮਾਮਲੇ ‘ਚ ਆਸ਼ੀਸ਼ ਮਿਸ਼ਰਾ ਸਮੇਤ 13 ਦੋਸ਼ੀ ਜੇਲ ‘ਚ ਬੰਦ ਹਨ। ਹਿੰਸਾ ਮਾਮਲੇ ਵਿੱਚ ਐਸਆਈਟੀ ਨੇ 5000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਚਾਰਜਸ਼ੀਟ ‘ਚ ਵਰਿੰਦਰ ਸ਼ੁਕਲਾ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਵਰਿੰਦਰ ਸ਼ੁਕਲਾ ‘ਤੇ ਦੋਸ਼ ਹੈ ਕਿ ਉਹ ਘਟਨਾ ਸਥਾਨ ‘ਤੇ ਮੌਜੂਦ ਸੀ। ਹਿੰਸਾ ਵਾਲੇ ਦਿਨ ਆਸ਼ੀਸ਼ ਮਿਸ਼ਰਾ ਦੀ ਥਾਰ ਦੇ ਪਿੱਛੇ ਵਰਿੰਦਰ ਸ਼ੁਕਲਾ ਦੀ ਸਕਾਰਪੀਓ ਦੌੜ ਰਹੀ ਸੀ। ਟਿਕੁਨਿਆ ‘ਚ ਹਿੰਸਾ ਤੋਂ ਬਾਅਦ ਵਰਿੰਦਰ ਸ਼ੁਕਲਾ ਨੇ ਆਪਣੀ ਸਕਾਰਪੀਓ ਗੱਡੀ ਲੁਕਾ ਲਈ ਸੀ। ਉਸ ਨੇ ਕਿਹਾ ਸੀ ਕਿ ਕਾਰ ਮੌਕੇ ‘ਤੇ ਨਹੀਂ ਸੀ।
ਦੱਸ ਦੇਈਏ ਕਿ ਇਸ ਸਾਲ 3 ਅਕਤੂਬਰ ਨੂੰ ਯੂਪੀ ਦੇ ਲਖੀਮਪੁਰ ਖੀਰੀ ਦੇ ਟਿਕੁਨਿਆ ਵਿੱਚ ਇੱਕ ਐਸਯੂਵੀ ਕਾਰ ਨੇ ਚਾਰ ਕਿਸਾਨਾਂ ਨੂੰ ਕੁਚਲ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਹੋਈ ਹਿੰਸਾ ਵਿੱਚ ਕੁਝ ਲੋਕ ਮਾਰੇ ਵੀ ਗਏ ਸਨ। ਘਟਨਾ ਦੌਰਾਨ ਸਥਾਨਕ ਪੱਤਰਕਾਰ ਰਮਨ ਕਸ਼ਯਪ ਦੀ ਵੀ ਮੌਤ ਹੋ ਗਈ ਸੀ। ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਐਸਯੂਵੀ ਅਜੇ ਮਿਸ਼ਰਾ ਟੈਨੀ ਦੀ ਸੀ ਅਤੇ ਉਸ ਦਾ ਪੁੱਤਰ ਆਸ਼ੀਸ਼ ਮਿਸ਼ਰਾ ਇਸ ਵਿੱਚ ਸਵਾਰ ਸੀ।
ਸੁਪਰੀਮ ਕੋਰਟ ‘ਚ ਇਸ ਮਾਮਲੇ ਦੀ ਪਹਿਲੀ ਸੁਣਵਾਈ 8 ਅਕਤੂਬਰ ਨੂੰ ਹੋਈ ਸੀ। ਕਈ ਦਿਨਾਂ ਦੀ ਹਿੰਸਾ ਤੋਂ ਬਾਅਦ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਨੂੰ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ 9 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਐਸਆਈਟੀ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਕਿਸਾਨਾਂ ਨੂੰ ਕਾਰ ਨਾਲ ਕੁਚਲਣ ਦੀ ਪੂਰੀ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਫਿਰ ਐਸਆਈਟੀ ਨੇ ਦੋਸ਼ੀਆਂ ‘ਤੇ ਲਗਾਈਆਂ ਧਾਰਾਵਾਂ ਨੂੰ ਵੀ ਬਦਲ ਦਿੱਤਾ। ਐਸਆਈਟੀ ਨੇ ਆਈਪੀਸੀ ਦੀਆਂ ਧਾਰਾਵਾਂ 279, 338, 304ਏ ਹਟਾ ਦਿੱਤੀਆਂ ਹਨ ਅਤੇ 307, 326, 302, 34,120 ਬੀ, 147, 148,149, 3/25/30 ਲਗਾਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: