ਸੁਰਾਂ ਦੀ ਮੱਲਿਕਾ ਤੇ ਮਸ਼ਹੂਰ ਭਾਰਤੀ ਗਾਇਕਾ ਲਤਾ ਮੰਗੇਸ਼ਕਰ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਈ ਹੈ। ਉਨ੍ਹਾਂ ਨੂੰ ਮੰਗਲਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਗਾਇਕਾ ‘ਚ ਬੀਮਾਰੀ ਦੇ ਹਲਕੇ ਲੱਛਣ ਦਿਖਾਈ ਦੇ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੰਗੇਸ਼ਕਰ ਦੀ ਹਾਲਤ ਠੀਕ ਹੈ ਅਤੇ ਜ਼ਿਆਦਾ ਉਮਰ ਕਰਕੇ ਉਨ੍ਹਾਂ ਨੂੰ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ।
ਗਾਇਕਾ ਦਾ ਇਲਾਜ ਕਰ ਰਹੇ ਡਾਕਟਰ ਪ੍ਰਤੀਤ ਸਮਦਾਨੀ ਨੇ ਦੱਸਿਆ ਕਿ ਮੰਗੇਸ਼ਕਰ ਨੂੰ ਨਿਮੋਨੀਆ ਹੋ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗਾਇਕਾ ਨੂੰ ਹਸਪਤਾਲ ਦੇ ਆਈ.ਸੀ.ਯੂ. ਵਿੱਚ ਫਿਲਹਾਲ 7 ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਡਾਕਟਰ ਸਮਦਾਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ।
ਇਸ ਤੋਂ ਪਹਿਲਾਂ ਲਤਾ ਨੂੰ ਨਵੰਬਰ 2019 ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਸਾਹ ਚੜ੍ਹਨ ਦੀ ਸ਼ਿਕਾਇਤ ਹੋਈ ਸੀ। ਗਾਇਕਾ ਦੀ ਛੋਟੀ ਭੈਣ ਊਸ਼ਾ ਨੇ ਜਾਣਕਾਰੀ ਸੀ ਕਿ ਉਨ੍ਹਾਂ ਨੂੰ ਵਾਇਰਲ ਇਨਫੈਕਸ਼ਨ ਹੋਇਆ ਸੀ।
ਦੱਸ ਦੇਈਏ ਕਿ ਸੁਰਾਂ ਦੀ ਮੱਲਿਕਾ ਪਿਛਲੇ ਸਾਲ ਸਤੰਬਰ ‘ਚ ਆਪਣਾ 92ਵਾਂ ਜਨਮਦਿਨ ਮਨਾਇਆ ਸੀ। ਖਾਸ ਗੱਲ ਇਹ ਹੈ ਕਿ ਇਸ ਉਮਰ ‘ਚ ਵੀ ਗਾਇਕਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਦੇ ਸੰਪਰਕ ‘ਚ ਰਹਿੰਦੀ ਹੈ।