ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਵਧੇਰੇ ਇਲਾਕਿਆਂ ਵਿੱਚ ਕੁੜੀਆਂ ਨੂੰ ਸੱਤਵੀਂ ਤੋਂ ਬਾਅਦ ਸਕੂਲ ਜਾਣ ‘ਤੇ ਪਾਬੰਦੀ ਲਾ ਦਿੱਤੀ ਗਈ ਸੀ ਪਰ ਹੁਣ ਦੇਸ਼ ਦੇ ਨਵੇਂ ਤਾਲਿਬਾਨ ਸ਼ਾਸਕਾਂ ਦਾ ਕਹਿਣਾ ਹੈ ਕਿ ਉਹ ਮਾਰਚ ਦੇ ਅਖੀਰ ਤੱਕ ਅਫਗਾਨਿਸਤਾਨ ਵਿੱਚ ਕੁੜੀਆਂ ਲਈ ਸਾਰੇ ਸਕੂਲ ਖੋਲ੍ਹ ਸਕਦੇ ਹਨ।
ਤਾਲਿਬਾਨ ਦੇ ਬੁਲਾਰੇ ਨੇ ਅੰਤਰਰਾਸ਼ਟਰੀ ਭਾਈਚਾਰੇ ਦੀ ਇੱਕ ਵੱਡੀ ਮੰਗ ਦੇ ਸੰਦਰਭ ਵਿੱਚ ਸ਼ਨੀਵਾਰ ਨੂੰ ਐਸੋਸੀਏਟਿਡ ਪ੍ਰੈਸ ਨਾਲ ਪਹਿਲੀ ਵਾਰ ਇੱਕ ਤੈਅ ਸਮਾਂ ਸੀਮਾ ਸਾਂਝੀ ਕੀਤੀ।
ਦੱਸ ਦੇਈਏ ਕਿ ਅੰਤਰਰਾਸ਼ਟਰੀ ਭਾਈਚਾਰਾ ਤਾਲਿਬਾਨ ਵੱਲੋਂ ਚਲਾਈ ਗਈ ਸਰਕਾਰ ਨੂੰ ਰਸਮੀ ਤੌਰ ‘ਤੇ ਮਾਨਤਾ ਦੇਣ ਲਈ ਤਿਆਰ ਨਹੀਂ ਜਾਪਦਾ ਹੈ ਅਤੇ ਡਰਦਾ ਹੈ ਕਿ ਉਹ ਉਹੀ ਸਖ਼ਤ ਕਦਮ ਚੁੱਕ ਸਕਦੇ ਹਨ ਜੋ 20 ਸਾਲ ਪਹਿਲਾਂ ਉਨ੍ਹਾਂ ਦੀ ਪਿਛਲੀ ਸਰਕਾਰ ਦੌਰਾਨ ਲਾਗੂ ਸਨ। ਉਸ ਸਮੇਂ ਔਰਤਾਂ ‘ਤੇ ਸਿੱਖਿਆ, ਕੰਮ ਅਤੇ ਜਨਤਕ ਜੀਵਨ ‘ਤੇ ਪਾਬੰਦੀ ਲਾ ਦਿੱਤੀ ਗਈ ਸੀ।
ਤਾਲਿਬਾਨ ਦੇ ਸੱਭਿਆਚਾਰ ਅਤੇ ਸੂਚਨਾ ਦੇ ਉਪ ਮੰਤਰੀ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਉਨ੍ਹਾਂ ਦਾ ਸਿੱਖਿਆ ਵਿਭਾਗ 21 ਮਾਰਚ ਤੋਂ ਸ਼ੁਰੂ ਹੋਣ ਵਾਲੇ ਅਫਗਾਨ ਨਵੇਂ ਸਾਲ ਤੋਂ ਬਾਅਦ ਸਾਰੀਆਂ ਲੜਕੀਆਂ ਅਤੇ ਔਰਤਾਂ ਲਈ ਕਲਾਸਾਂ ਖੋਲ੍ਹਣਾ ਚਾਹੁੰਦਾ ਹੈ। ਅਫਗਾਨਿਸਤਾਨ, ਗੁਆਂਢੀ ਇਰਾਨ ਵਾਂਗ, ਇਸਲਾਮੀ ਸੂਰਜੀ ਹਿਜਰੀ ਸ਼ਮਸੀ ਕੈਲੰਡਰ ਨੂੰ ਮੰਨਦਾ ਹੈ।
ਮੁਜਾਹਿਦ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੁੜੀਆਂ ਅਤੇ ਔਰਤਾਂ ਲਈ ਸਿੱਖਿਆ ਯੋਗਤਾ ਦਾ ਸਵਾਲ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੰਡਿਆਂ ਅਤੇ ਕੁੜੀਆਂ ਲਈ ਸਕੂਲਾਂ ਵਿੱਚ ਪੂਰੀ ਤਰ੍ਹਾਂ ਵੱਖਰੇ ਪ੍ਰਬੰਧ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਰੁਕਾਵਟ ਲੋੜੀਂਦੇ ਹੋਸਟਲਾਂ ਨੂੰ ਲੱਭਣਾ ਜਾਂ ਬਣਾਉਣਾ ਹੈ ਜਿੱਥੇ ਕੁੜੀਆਂ ਸਕੂਲ ਜਾਣ ਸਮੇਂ ਰਹਿ ਸਕਣ।
ਵੀਡੀਓ ਲਈ ਕਲਿੱਕ ਕਰੋ -:
Khas-Khas Milk Recipe | Makhana Doodh Recipe | ਕਈ ਸਾਲਾਂ ਤੱਕ ਹੱਡੀਆਂ ‘ਚ ਕਮਜ਼ੋਰੀ, ਪਿੱਠ ਦਾ ਦਰਦ ਨਹੀਂ ਹੋਏਗਾ
ਉਨ੍ਹਾਂ ਕਿਹਾ ਕਿ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਮੁੰਡੇ-ਕੁੜੀਆਂ ਲਈ ਵੱਖ-ਵੱਖ ਜਮਾਤਾਂ ਦਾ ਹੋਣਾ ਕਾਫੀ ਨਹੀਂ, ਸਕੂਲ ਦੀ ਵੱਖਰੀ ਇਮਾਰਤ ਦੀ ਲੋੜ ਹੈ। ਮੁਜਾਹਿਦ ਨੇ ਕਿਹਾ ਕਿ ਅਸੀਂ ਕੁੜੀਆਂ ਦੀ ਸਿੱਖਿਆ ਦੇ ਖਿਲਾਫ ਨਹੀਂ ਹਾਂ।
ਦੇਸ਼ ਦੇ 34 ਸੂਬਿਆਂ ਵਿੱਚੋਂ ਲਗਭਗ 10 ਸੂਬਿਆਂ ਨੂੰ ਛੱਡ ਕੇ ਸੱਤਵੀਂ ਜਮਾਤ ਤੋਂ ਬਾਅਦ ਕੁੜੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਜਮਾਤਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ। ਰਾਜਧਾਨੀ ਕਾਬੁਲ ਵਿੱਚ ਹਾਲਾਂਕਿ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਹਾਈ ਸਕੂਲ ਨਿਰਵਿਘਨ ਖੁੱਲ੍ਹ ਰਹੀਆਂ ਹਨ। ਮੁੰਡੇ ਤੇ ਕੁੜੀਆਂ ਨੂੰ ਹਮੇਸ਼ਾ ਛੋਟੇ ਸਮੂਹਾਂ ਵਿੱਚ ਵੱਖ ਕੀਤਾ ਜਾਂਦਾ ਹੈ। ਮੁਜਾਹਿਦ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਾਲ ਤੱਕ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ ਸਕੂਲ ਅਤੇ ਯੂਨੀਵਰਸਿਟੀਆਂ ਖੋਲ੍ਹੀਆਂ ਜਾ ਸਕਣ।