ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਸਿਰਫ ਇੱਕ ਮਹੀਨੇ ਦਾ ਸਮਾਂ ਬਚਿਆ ਹੈ ਪਰ ਉਮੀਦਵਾਰਾਂ ਵੱਲੋਂ ਪਾਰਟੀ ਬਦਲਣ ਦਾ ਸਿਲਸਿਲਾ ਜਾਰੀ ਹੈ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ। ਲਗਾਤਾਰ ਉਮੀਦਵਾਰ ਕਾਂਗਰਸ ਛੱਡ ਕੇ ਹੋਰਨਾਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ।
ਇਸੇ ਦਰਮਿਆਨ ਹਲਕਾ ਗੜ੍ਹਸ਼ੰਕਰ ਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ ਤੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਪੱਲਾ ਫੜ੍ਹ ਲਿਆ ਹੈ। ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ ਕਈ ਲੀਡਰ ਪਾਰਟੀ ਛੱਡ ਚੁੱਕੇ ਹਨ।
ਪਾਰਟੀ ‘ਚ ਸ਼ਾਮਿਲ ਹੋਣ ਮੌਕੇ ਗੋਲਡੀ ਨੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਤੇ ਹਮੇਸ਼ਾ ਤੋਂ ਭਰੋਸਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਸਮਰਥਕਾਂ ਨੂੰ ਭਰੋਸੇ ਵਿੱਚ ਲੈ ਕੇ ਉਨ੍ਹਾਂ ਨੇ ਪੀਐਲਸੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਗੋਲਡੀ ਨੇ ਕਿਹਾ ਕਿ ਪੰਜਾਬ ਨੂੰ ਕੈਪਟਨ ਅਮਰਿੰਦਰ ਦੀ ਅਗਵਾਈ ਦੀ ਸਭ ਤੋਂ ਵੱਧ ਲੋੜ ਹੈ ਕਿਉਂਕਿ ਉਨ੍ਹਾਂ ਦੇ ਵਾਰਿਸ ਪੂਰੀ ਤਰ੍ਹਾਂ ਨਾਲ ਅਸਫਲ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਘਰੇਲੂ ਜੰਗ ਦੀ ਸਥਿਤੀ ਵਿੱਚ ਹੈ। ਗੋਲਡੀ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ ਗੋਲਡੀ ਗੜ੍ਹਸ਼ੰਕਰ ਦੇ ਇੱਕ ਸਤਿਕਾਰਤ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ, ਜਿਸਦਾ ਦੇਸ਼ ਦੀ ਆਜ਼ਾਦੀ ਅਤੇ ਸੂਬੇ ਦੀ ਭਲਾਈ ਵਿੱਚ ਵੱਡਾ ਯੋਗਦਾਨ ਹੈ। ਬਰਨਾਲਾ ਤੋਂ ਨਗਰ ਕੌਂਸਲਰ ਧਰਮ ਸਿੰਘ ਫੌਜੀ ਵੀ ਅੱਜ ਆਪਣੇ ਸਮਰਥਕਾਂ ਸਮੇਤ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਵੀਡੀਓ ਲਈ ਕਲਿੱਕ ਕਰੋ -:
Khas-Khas Milk Recipe | Makhana Doodh Recipe | ਕਈ ਸਾਲਾਂ ਤੱਕ ਹੱਡੀਆਂ ‘ਚ ਕਮਜ਼ੋਰੀ, ਪਿੱਠ ਦਾ ਦਰਦ ਨਹੀਂ ਹੋਏਗਾ
ਇਹ ਵੀ ਪੜ੍ਹੋ : ਚੋਣ ਕਮਿਸ਼ਨ ਵੱਲੋਂ ਪੰਜਾਬ ਚੋਣਾਂ ਦੀ ਤਰੀਕ ਬਦਲੇ ਜਾਣ ਦਾ ਅਕਾਲੀ ਦਲ ਨੇ ਕੀਤਾ ਸਵਾਗਤ
ਇਸ ਤੋਂ ਪਹਿਲਾਂ ਸਰਵਣ ਸਿੰਘ ਫਿਲੌਰ ਨੇ ਵੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਉਹ ਸੰਯੁਕਤ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਸਰਵਣ ਸਿੰਘ ਫਿਲੌਰ ਸਾਬਕਾ ਮੰਤਰੀ ਦੇ ਨਾਲ-ਨਾਲ ਕਈ ਵਾਰ ਵਿਧਾਇਕ ਵਜੋਂ ਵੀ ਵਿਚਰੇ ਹਨ, ਜਿਸ ਕਾਰਨ ਇਹ ਕਾਂਗਰਸ ਲਈ ਬਹੁਤ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।