ਬਾਰਡਰ ਸੁਰੱਖਿਆ ਬਲ (BSF) ਨੇ ਇੱਕ ਵਾਰ ਫਿਰ ਪਾਕਿਸਤਾਨ ਵੱਲੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਅੰਮ੍ਰਿਤਸਰ ਸੈਕਟਰ ਵਿੱਚ 19-20 ਜਨਵਰੀ ਦੀ ਰਾਤ ਨੂੰ ਬੀ.ਐਸ.ਐਫ. ਦੇ ਜਵਾਨਾਂ ਨੇ ਗੂੰਜਦੀ ਆਵਾਜ਼ ਸੁਣੀ।
ਪਾਕਿਸਾਨ ਵਾਲੇ ਪਾਸਿਓਂ ਇੱਕ ਉੱਡਦੀ ਹੋਈ ਚੀਜ਼ ਆ ਰਹੀ ਸੀ ਜਿਸ ‘ਤੇ ਬੀਐਸਐਫ ਜਵਾਨਾਂ ਫਾਇਰਿੰਗ ਕੀਤੀ। ਜਵਾਨਾਂ ਨੇ ਉੱਡਦੀ ਚੀਜ਼ ਤੋਂ ਕੁਝ ਡਿੱਗਣ ਦੀ ਆਵਾਜ਼ ਸੁਣੀ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਸਵੇਰੇ ਤਲਾਸ਼ੀ ਲਈ ਗਈ ਤਾਂ ਹੈਰੋਇਨ ਦੇ 07 ਪੈਕੇਟ ਬਰਾਮਦ ਹੋਏ। ਇਸ ਹੈਰੋਇਨ ਦਾ ਕੁੱਲ ਭਾਰ 7.25 ਕਿਲੋਗ੍ਰਾਮ ਹੈ। ਹਿਦਇਤਾਂ ਮੁਤਾਬਕ ਘਟਨਾ ਵੇਲੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ ਗਿਆ ਸੀ।
ਦੱਸ ਦਈਏ ਕਿ ਮੰਗਲਵਾਰ ਦੁਪਹਿਰ ਨੂੰ ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤ ਹਵੇਲੀਆਂ ਪਿੰਡ ਨੇੜੇ ਪਾਕਿਸਤਾਨੀ ਡਰੋਨ ਵੀ ਬਰਾਮਦ ਕੀਤਾ ਗਿਆ ਸੀ। ਥਾਣਾ ਸਰਾਏ ਅਮਾਨਤ ਖਾਂ ਅਧੀਨ ਪੈਂਦੇ ਪਿੰਡ ਹਵੇਲੀਆਂ ਵਿੱਚ ਸਥਿਤ ਬੁਰਜੀ ਨੰਬਰ 124-27,28 ਵਿੱਚ ਤਾਇਨਾਤ ਬੀਐੱਸਐੱਫ ਦੀ 71 ਬਟਾਲੀਅਨ ਦੇ ਜਵਾਨਾਂ ਨੇ ਦੁਪਹਿਰ ਕਰੀਬ 12.05 ਵਜੇ ਪਾਕਿਸਤਾਨ ਵੱਲੋਂ ਡਰੋਨ ਨੂੰ ਆਉਂਦਾ ਦੇਖਿਆ। ਬੀਐਸਐਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਤੋਂ ਪਾਰ (ਭਾਰਤੀ ਖੇਤਰ ਵਿੱਚ) ਡਰੋਨ ‘ਤੇ ਫਾਇਰ ਕਰਨ ਦੀ ਕਮਾਨ ਸੰਭਾਲੀ ਹੀ ਸੀ ਕਿ ਅਚਾਨਕ ਬੈਟਰੀ ਡਾਊਨ ਹੋਣ ਕਾਰਨ ਇਹ ਜ਼ਮੀਨ ‘ਤੇ ਡਿੱਗ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਬਾਅਦ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਡਰੋਨ ਬਰਾਮਦ ਕੀਤਾ ਗਿਆ। ਲਗਾਤਾਰ ਚਾਰ ਦਿਨਾਂ ਤੱਕ ਫੈਲੀ ਧੁੰਦ ਦੇ ਵਿਚਕਾਰ ਪਹਿਲੀ ਵਾਰ ਦਿਨ ਵੇਲੇ ਪਾਕਿਸਤਾਨ ਤੋਂ ਭਾਰਤੀ ਇਲਾਕੇ ਵਿੱਚ ਡਰੋਨ ਭੇਜਿਆ ਗਿਆ। ਡੀਐਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਡਰੋਨ ਨੌਸ਼ਹਿਰਾ ਢਾਲਾ ਸਰਹੱਦ ’ਤੇ ਸਥਿਤ ਪਿੰਡ ਹਵੇਲੀਆਂ ਦੇ ਵਾਸੀ ਕਿਸਾਨ ਗੁਰਜੀਤ ਸਿੰਘ ਦੇ ਖੇਤਾਂ ਵਿੱਚ ਡਿੱਗਿਆ ਸੀ। ਚੀਨ ‘ਚ ਬਣੇ ਇਸ ਛੋਟੇ ਆਕਾਰ ਦੇ ਡਰੋਨ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਰਾਏ ਅਮਾਨਤ ਖਾਂ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਮਾਮਲੇ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।