ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਸਾਰੇ ਮੰਤਰਾਲਿਆਂ ਦੀਆਂ ਅਹਿਮ ਬੈਠਕਾਂ ‘ਚ ਸਮਾਰਟਵਾਚ ਅਤੇ ਸਮਾਰਟਫੋਨ ‘ਤੇ ਪਾਬੰਦੀ ਲਗਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਦਰਅਸਲ, ਖੁਫੀਆ ਏਜੰਸੀਆਂ ਨੇ ਰਾਸ਼ਟਰੀ ਸੰਚਾਰ ਸੁਰੱਖਿਆ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਅਧਿਕਾਰੀਆਂ ਵੱਲੋਂ ਵੱਡੇ ਪੱਧਰ ‘ਤੇ ਉਲੰਘਣਾ ਕਰਨ ਤੇ ਕਈ ਸੂਚਨਾਵਾਂ ਲੀਕ ਹੋਣ ਤੋਂ ਬਾਅਦ ਸਰਕਾਰ ਨੂੰ ਮੀਟਿੰਗਾਂ ਵਿੱਚ ਸਮਾਰਟਵਾਚ ਅਤੇ ਸਮਾਰਟਫ਼ੋਨ ‘ਤੇ ਪਾਬੰਦੀ ਲਗਾਉਣ ਲਈ ਕਿਹਾ ਸੀ।
ਰਾਸ਼ਟਰੀ ਸੰਚਾਰ ਸੁਰੱਖਿਆ ਨੀਤੀ ਦੇ ਨੋਟੀਫਿਕੇਸ਼ਨ ਤੋਂ ਬਾਅਦ ਕੇਂਦਰ ਨੇ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਗੁਪਤ ਜਾਣਕਾਰੀ ਸਾਂਝੀ ਕਰਨ ਲਈ ਵ੍ਹਾਟਸਐਪ, ਟੈਲੀਗ੍ਰਾਮ ਵਰਗੀਆਂ ਐਪਾਂ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਹੈ ਅਤੇ ਸਮਾਰਟਵਾਚਾਂ ਅਤੇ ਸਮਾਰਟਫ਼ੋਨਾਂ ਨੂੰ ਮੀਟਿੰਗਾਂ ਵਿੱਚ ਲਿਆਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਖੁਫੀਆ ਏਜੰਸੀਆਂ ਦੇ ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਵ੍ਹਾਟਸਐਪ-ਟੈਲੀਗ੍ਰਾਮ ਵਰਗੀਆਂ ਐਪਾਂ ‘ਤੇ ਗੁਪਤ ਸੂਚਨਾਵਾਂ ਨੂੰ ਸਾਂਝਾ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ ਕਿਉਂਕਿ ਨਿੱਜੀ ਕੰਪਨੀਆਂ ਦੇਸ਼ ਤੋਂ ਬਾਹਰ ਸਥਿਤ ਆਪਣੇ ਸਰਵਰ ‘ਤੇ ਡਾਟਾ ਸਟੋਰ ਕਰਦੀਆਂ ਹਨ। ਅਜਿਹੇ ‘ਚ ਬਾਹਰਲੀਆਂ ਕੰਪਨੀਆਂ ਵੱਲੋਂ ਕਈ ਅਹਿਮ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ, ਇਸ ਡਾਟਾ ਦੀ ਦੁਰਵਰਤੋਂ ਵੀ ਹੋ ਸਕਦੀ ਹੈ। ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗਾਂ ਕਰਨ ਅਤੇ ਘਰ ਤੋਂ ਕੰਮ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਸਾਰੇ ਮੰਤਰਾਲਿਆਂ ਨੂੰ ਇਸ ਨਿਰਦੇਸ਼ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਏਜੰਸੀਆਂ ਨੇ ਕਿਹਾ ਕਿ ਮੀਟਿੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਸਮਾਰਟ ਡਿਵਾਈਸ ਜਿਵੇਂ-ਐਪਲ ਸਿਰੀ, ਅਮੇਜ਼ਨ ਅਲੈਕਸਾ, ਗੂਗਲ ਅਸਿਸਟੈਂਟ ਆਦਿ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਕਈ ਅਧਿਕਾਰੀ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਆਪਣੇ ਫੋਨ ‘ਚ ਸਕੈਨ ਕਰਕੇ ਰੱਖਦੇ ਹਨ ਅਤੇ ਫਿਰ ਉਨ੍ਹਾਂ ਨੂੰ ਵੱਖ-ਵੱਖ ਐਪਸ ਰਾਹੀਂ ਦੂਜਿਆਂ ਨਾਲ ਸਾਂਝਾ ਕਰਦੇ ਹਨ ਜੋ ਸੁਰੱਖਿਅਤ ਨਹੀਂ ਹੈ।
ਸਾਰੇ ਮੰਤਰਾਲਿਆਂ ਨੂੰ ਭੇਜੀਆਂ ਗਈਆਂ ਨਵੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀ ਮੀਟਿੰਗ ਦੌਰਾਨ ਆਪਣੇ ਸਮਾਰਟਫ਼ੋਨ ਅਤੇ ਸਮਾਰਟਵਾਚਾਂ ਨੂੰ ਕਮਰੇ ਦੇ ਬਾਹਰ ਰੱਖਣ। ਘਰ ਦੇ ਨੈੱਟਵਰਕ ਰਾਹੀਂ ਕੋਈ ਵੀ ਜ਼ਰੂਰੀ ਦਸਤਾਵੇਜ਼ ਭੇਜਣ ਦੀ ਵੀ ਮਨਾਹੀ ਹੈ। ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਵੀਡੀਓ ਕਾਨਫਰੰਸਿੰਗ ਲਈ ਥਰਡ ਪਾਰਟੀ ਐਪਸ ਦੀ ਬਜਾਏ, ਸਾਰੇ ਅਧਿਕਾਰੀ ਅਤੇ ਮੰਤਰਾਲਿਆਂ ਨੂੰ ਭਾਰਤ ਸਰਕਾਰ ਦੇ ਵਰਚੁਅਲ ਸੈੱਟਅੱਪ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਕਿ ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ (ਸੀ-ਡੈਕ), ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐੱਨ.ਆਈ.ਸੀ.) ਵੱਲੋਂ ਤਿਆਰ ਕੀਤਾ ਗਿਆ ਹੈ।