ਆਰਤੀ ਡੋਗਰਾ ਇੱਕ ਅਜਿਹੀ ਕੁੜੀ ਹੈ ਜੋ ਦਿਸਣ ਵਿੱਚ ਆਮ ਕੁੜੀਆਂ ਵਰਗੀ ਨਹੀਂ ਹੈ ਤੇ ਲੋਕ ਉਸ ਨੂੰ ਮਾਪਿਆਂ ‘ਤੇ ਬੋਝ ਤੱਕ ਕਹਿੰਦੇ ਸਨ। ਪਰ ਆਪਣੀ ਸਖਤ ਮਿਹਨਤ ਤੇ ਦ੍ਰਿੜ੍ਹ ਨਿਸ਼ਚੈ ਨਾਲ ਉਸ ਨੇ ਸਫ਼ਲਤਾ ਦੀ ਇੱਕ ਅਜਿਹੀ ਕਹਾਣੀ ਲਿਖੀ ਜੋ ਹਰ ਕਿਸੇ ਲਈ ਮਿਸਾਲ ਬਣ ਗਈ।
18 ਜੁਲਾਈ 1979 ਨੂੰ ਉੱਤਰਾਖੰਡ ਦੇ ਦੇਹਰਾਦੂਨ ਦੀ ਵਿਜੇ ਕਾਲੋਨੀ ਵਿੱਚ ਰਹਿਣ ਵਾਲੇ ਕਰਨਲ ਰਾਜਿੰਦਰ ਡੋਗਰਾ ਅਤੇ ਇੱਕ ਨਿੱਜੀ ਸਕੂਲ ਵਿੱਚ ਸੰਸਥਾ ਪ੍ਰਧਾਨ ਕੁਮਕੁਮ ਦੇ ਘਰ ਇੱਕ ਧੀ ਨੇ ਜਨਮ ਲਿਆ, ਜਿਸ ਦਾ ਨਾਂ ਆਰਤੀ ਡੋਗਰਾ ਰੱਖਿਆ ਗਿਆ। ਇਹ ਉਨ੍ਹਾਂ ਦਾ ਪਹਿਲਾ ਬੱਚਾ ਸੀ ਪਰ ਇਸ ਦੀ ਸਰੀਰਕ ਦਿੱਖ ਦੂਜੇ ਬੱਚਿਆਂ ਨਾਲੋਂ ਕੁਝ ਵੱਖਰੀ ਸੀ।
ਸਮੇਂ ਦੇ ਨਾਲ ਆਰਤੀ ਦੀ ਉਮਰ ਵਧਦੀ ਗਈ ਪਰ ਉਸ ਦਾ ਕੱਦ ਤਿੰਨ ਫੁੱਟ 6 ਇੰਚ ‘ਤੇ ਰੁਕ ਗਿਆ, ਉਸ ਤੋਂ ਬਾਅਦ ਉਸ ਦਾ ਕੱਦ ਨਹੀਂ ਵਧਿਆ। ਮੀਡੀਆ ਰਿਪੋਰਟਾਂ ਮੁਤਾਬਕ ਆਰਤੀ ਡੋਗਰਾ ਦੇ ਜਨਮ ‘ਤੇ ਡਾਕਟਰਾਂ ਨੇ ਕਿਹਾ ਸੀ ਕਿ ਇਹ ਬੱਚੀ ਆਮ ਜ਼ਿੰਦਗੀ ਨਹੀਂ ਜੀਅ ਸਕੇਗੀ।
2005 ਵਿੱਚ ਆਰਤੀ ਨੇ ਪਹਿਲੀ ਵਾਰ ਪ੍ਰੀਖਿਆ ਦਿੱਤੀ ਅਤੇ ਆਲ ਇੰਡੀਆ ਸਰਵਿਸਿਜ਼ ਵਿੱਚ ਰਾਸ਼ਟਰੀ ਪੱਧਰ ‘ਤੇ 56ਵਾਂ ਰੈਂਕ ਪ੍ਰਾਪਤ ਕਰਕੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਆਈਏਐਸ ਬਣ ਗਈ।
ਲੋਕ ਉਸ ਦੇ ਕੱਦ-ਕਾਠ ਨੂੰ ਲੈ ਕੇ ਕਾਫੀ ਮਿਹਣੇ ਮਾਰਦੇ ਵੀ ਸਨ, ਇੱਥੋਂ ਤੱਕ ਕਿ ਆਰਤੀ ਨੂੰ ਪਰਿਵਾਰ ਲਈ ਬੋਝ ਕਿਹਾ ਜਾਂਦਾ ਸੀ। ਇੰਨਾ ਹੀ ਨਹੀਂ ਲੋਕਾਂ ਨੇ ਆਰਤੀ ਦੇ ਮਾਪਿਆਂ ਨੂੰ ਇਕ ਹੋਰ ਬੱਚਾ ਪੈਦਾ ਕਰਨ ਦੀ ਸਲਾਹ ਵੀ ਦਿੱਤੀ। ਪਰ ਉਹ ਆਪਣੀ ਇਕਲੌਤੀ ਧੀ ਨੂੰ ਸਫ਼ਲ ਕਰਨ ਲਈ ਦ੍ਰਿੜ ਸਨ ਅਤੇ ਇਸੇ ਫੈਸਲੇ ਨੇ ਅੱਜ ਆਰਤੀ ਡੋਗਰਾ ਨੂੰ ਆਈ.ਏ.ਐਸ. ਬਣਾ ਦਿੱਤਾ।
ਆਰਤੀ ਨੂੰ ਇੱਕ ਸਫਲ ਆਈਏਐਸ ਅਫਸਰ ਬਣਾਉਣ ਲਈ ਉਸ ਦੀ ਮਾਂ ਨੇ ਆਪਣੀ ਇਕਲੌਤੀ ਧੀ ਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਨਾ ਹੀ ਉਸ ਦੀ ਪੜ੍ਹਾਈ ‘ਤੇ ਕਦੇ ਕੋਈ ਰੋਕ ਲਾਈ।
ਆਰਤੀ ਡੋਗਰਾ ਨੇ ਕਦੇ ਹਾਰ ਨਹੀਂ ਮੰਨੀ ਅਤੇ ਆਪਣੇ ਕੱਦ ਦੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਲਿਆ। ਆਰਤੀ ਨੇ ਵੇਲਹਮ ਗਰਲਜ਼ ਸਕੂਲ, ਦੇਹਰਾਦੂਨ ਵਿੱਚ ਦਾਖਲਾ ਲਿਆ।
ਇਸ ਤੋਂ ਬਾਅਦ ਉਸਨੇ ਦਿੱਲੀ ਯੂਨੀਵਰਸਿਟੀ ਦੇ ਚੋਟੀ ਦੇ ਕਾਲਜ, ਲੇਡੀ ਸ਼੍ਰੀ ਰਾਮ ਕਾਲਜ ਵਿੱਚ ਦਾਖਲਾ ਲੈ ਕੇ ਅਰਥ ਸ਼ਾਸਤਰ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ, ਫਿਰ ਉਹ ਦੇਹਰਾਦੂਨ ਵਾਪਸ ਆ ਗਈ ਅਤੇ ਆਪਣੀ ਪੋਸਟ ਗ੍ਰੈਜੂਏਸ਼ਨ ਸ਼ੁਰੂ ਕੀਤੀ।
ਇਸ ਦੌਰਾਨ ਉਸ ਦੀ ਮੁਲਾਕਾਤ ਉਤਰਾਖੰਡ ਦੀ ਪਹਿਲੀ ਮਹਿਲਾ ਆਈਏਐਸ ਅਧਿਕਾਰੀ ਮਨੀਸ਼ਾ ਪੰਵਾਰ ਨਾਲ ਹੋਈ। ਮਨੀਸ਼ਾ ਨੂੰ ਮਿਲਣ ਤੋਂ ਬਾਅਦ ਆਰਤੀ ਨੂੰ UPSC ਦੀ ਤਿਆਰੀ ਕਰਨ ਦੀ ਪ੍ਰੇਰਣਾ ਮਿਲੀ ਤੇ ਉਸਨੇ ਇਸਨੂੰ ਆਪਣਾ ਟੀਚਾ ਬਣਾਉਣ ਦਾ ਫੈਸਲਾ ਕੀਤਾ।
ਆਈਏਐਸ ਮਨੀਸ਼ਾ ਪੰਵਾਰ ਨੂੰ ਮਿਲਣ ਤੋਂ ਬਾਅਦ ਆਰਤੀ ਡੋਗਰਾ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਮਿਲੀ। ਉਸ ਨੇ ਬਹੁਤ ਮਿਹਨਤ ਨਾਲ UPSC ਦੀ ਤਿਆਰੀ ਸ਼ੁਰੂ ਕੀਤੀ। ਆਰਤੀ ਨੇ ਰਾਜਸਥਾਨ ਕੇਡਰ ਦੀ ਚੋਣ ਕੀਤੀ। ਆਈਏਐਸ ਦੀ ਸਿਖਲਾਈ ਤੋਂ ਬਾਅਦ ਸਾਲ 2006-2007 ਵਿੱਚ ਆਰਤੀ ਡੋਗਰਾ ਨੂੰ ਆਪਣੀ ਪਹਿਲੀ ਪੋਸਟਿੰਗ ਉਦੈਪੁਰ ਵਿੱਚ ਏਡੀਐਮ ਵਜੋਂ ਮਿਲੀ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਇਸ ਤੋਂ ਬਾਅਦ ਉਹ ਅਲਵਰ ਅਤੇ ਅਜਮੇਰ ਦੇ ਬੇਵਰ ਵਿੱਚ ਵੀ ਐੱਸਡੀਐਮ ਬਣੀ। ਉਸ ਨੂੰ ਸਾਲ 2010 ਵਿੱਚ ਬੂੰਦੀ ਵਿੱਚ ਜ਼ਿਲ੍ਹਾ ਕੁਲੈਕਟਰ ਵਜੋਂ ਨਿਯੁਕਤੀ ਮਿਲੀ।
ਕਈ ਜ਼ਿਲ੍ਹਿਆਂ ਵਿੱਚ ਕਲੈਕਟਰ ਰਹਿਣ ਤੋਂ ਬਾਅਦ ਉਹ ਜੋਧਪੁਰ ਡਿਸਕੌਮ ਦੀ ਮੈਨੇਜਿੰਗ ਡਾਇਰੈਕਟਰ ਬਣ ਗਈ। ਇਸ ਤੋਂ ਬਾਅਦ 19 ਦਸੰਬਰ 2018 ਤੋਂ 31 ਦਸੰਬਰ 2018 ਤੱਕ ਉਸਨੇ ਮੁੱਖ ਮੰਤਰੀ ਦੇ ਸੰਯੁਕਤ ਸਕੱਤਰ ਵਜੋਂ ਸੇਵਾ ਨਿਭਾਈ। ਫਿਰ 1 ਜਨਵਰੀ 2019 ਨੂੰ ਉਸ ਨੂੰ ਮੁੱਖ ਮੰਤਰੀ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ। ਇਸ ਸਮੇਂ ਉਹ ਰਾਜਸਥਾਨ ਦੇ ਮੁੱਖ ਮੰਤਰੀ ਦੀ ਵਿਸ਼ੇਸ਼ ਸਕੱਤਰ ਵਜੋਂ ਕੰਮ ਕਰ ਰਹੀ ਹੈ।