ਪੰਜਾਬ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸਾਰੀਆਂ ਪਾਰਟੀਆਂ ਕਿਸੇ ਨਾ ਕਿਸੇ ਤਰੀਕੇ ਚੋਣ ਪ੍ਰਚਾਰ ਦੇ ਕੰਮਾਂ ਵਿੱਚ ਰੁਝੀਆਂ ਪਈਆਂ ਹਨ। ਚੋਣਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਹੈ। ਇਸ ਵਾਰ ਉਮੀਦਵਾਰਾਂ ਨੂੰ ਕਈ ਗੱਲਾਂ ਦਾ ਧਿਆਨ ਰਖਣਾ ਹੋਵੇਗਾ। ਕੋਰੋਨਾ ਦੇ ਵਧਦੇ ਮਾਮਲਿਆਂ ਕਰਕੇ ਤੈਅ ਨਵੇਂ ਨਿਯਮਾਂ ਮੁਤਾਬਕ ਤਾਕਤ ਦਾ ਪ੍ਰਦਰਸ਼ਨ ਸੰਭਵ ਨਹੀਂ ਹੋਵੇਗਾ।
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਉਮੀਦਵਾਰ ਦੇ ਨਾਲ ਸਿਰਫ਼ ਦੋ ਵਿਅਕਤੀ ਹੀ ਜਾ ਸਕਦੇ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪਹਿਲਾਂ ਹੀ ਜਾਰੀ ਹਦਾਇਤਾਂ ਵਿੱਚ ਸੋਧ ਕਰਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਨਾਲ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਪੰਜ ਤੋਂ ਘਟਾ ਕੇ ਦੋ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਜਾਣ ਵਾਲੇ ਤਿੰਨ ਵਾਹਨਾਂ ਦੀ ਗਿਣਤੀ ਘਟਾ ਕੇ ਦੋ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਲਈ ਨਾਮਜ਼ਦਗੀ ਪੱਤਰ ਸੀ.ਈ.ਓ./ਡੀ.ਈ.ਓ. ਦੀ ਵੈੱਬਸਾਈਟ ‘ਤੇ ਵੀ ਉਪਲਬਧ ਕਰਾਇਆ ਗਿਆ ਹੈ, ਜਿਸ ਨੂੰ ਉਮੀਦਵਾਰ ਆਨ ਲਾਈਨ ਭਰਨ ਤੋਂ ਬਾਅਦ ਪ੍ਰਿੰਟ ਐਫੀਡੈਵਿਟ ਜੋਕਿ ਨੋਟਰੀ ਵੱਲੋਂ ਤਸਤਦੀਕਸ਼ੁਦਾ ਐਫੀਡੇਵਿਟ ਨਾਲ ਨੱਥੀ ਕਰਕੇ ਜਮ੍ਹਾ ਕਰਵਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਡਾ. ਰਾਜੂ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰਾਂ ਨੂੰ ਬੁਲਾ ਕੇ ਵੀ ਨਾਮਜ਼ਦਗੀ ਪੱਤਰ ਪ੍ਰਾਪਤ ਕਰ ਸਕਦੇ ਹਨ ਤਾਂ ਜੋ ਇੱਕ ਸਮੇਂ ਭੀੜ ਇਕੱਠੀ ਨਾ ਹੋ ਜਾਵੇ। ਉਮੀਦਵਾਰ ਆਨਲਾਈਨ ਮੋਡ ਰਾਹੀਂ ਸਕਿਓਰਿਟੀ ਡਿਪਾਜ਼ਿਟ ਜਮ੍ਹਾ ਕਰ ਸਕਦਾ ਹੈ। ਇਸ ਤੋਂ ਇਲਾਵਾ ਖਜ਼ਾਨੇ ਵਿੱਚ ਸਕਿਓਰਿਟੀ ਡਿਪਾਜ਼ਿਟ ਜਮ੍ਹਾ ਕਰਵਾਉਣ ਦੀ ਸਹੂਲਤ ਵੀ ਉਪਲਬਧ ਹੈ।
ਪੰਜਾਬ ਵਿੱਚ ਨਾਮਜ਼ਦਗੀ ਦਾਖ਼ਲ ਕਰਨ ਲਈ ਉਮੀਦਵਾਰਾਂ ਨੂੰ ਸਿਰਫ਼ ਛੇ ਦਿਨ ਮਿਲਣਗੇ। ਦਾਖਲਾ ਪ੍ਰਕਿਰਿਆ 25 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ 1 ਫਰਵਰੀ ਤੱਕ ਜਾਰੀ ਰਹੇਗੀ। ਪਰ ਇਸ ਦੌਰਾਨ 26 ਅਤੇ 30 ਜਨਵਰੀ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਨਾਮਜ਼ਦਗੀਆਂ ਨਹੀਂ ਭਰੀਆਂ ਜਾਣਗੀਆਂ। ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਭਰੀਆਂ ਜਾਣਗੀਆਂ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 2 ਫਰਵਰੀ ਨੂੰ ਹੋਵੇਗੀ। 4 ਫਰਵਰੀ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਵੋਟਾਂ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। 12 ਮਾਰਚ ਤੋਂ ਪਹਿਲਾਂ ਚੋਣ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ।