ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਪਿਤਾ ਬਣ ਗਏ ਹਨ। ਮੰਗਲਵਾਰ ਨੂੰ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਨੇ ਬੇਟੇ ਨੂੰ ਜਨਮ ਦਿੱਤਾ। ਯੁਵੀ ਨੇ ਟਵੀਟ ਕਰਕੇ ਆਪਣੇ ਪ੍ਰਸ਼ੰਸਕਾਂ ਤੇ ਦੋਸਤਾਂ ਨਾਲ ਇਹ ਖ਼ੁਸ਼ੀ ਸਾਂਝੀ ਕੀਤੀ।
ਯੁਵਰਾਜ ਨੇ ਲਿਖਿਆ, ‘ਆਪਣੇ ਪ੍ਰਸ਼ੰਸਕਾਂ, ਪਰਿਵਾਰ ਅਤੇ ਦੋਸਤਾਂ ਨੂੰ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਜ ਭਗਵਾਨ ਨੇ ਸਾਨੂੰ ਬੱਚੇ ਦੀ ਬਖਸ਼ਿਸ਼ ਕੀਤੀ ਹੈ। ਸਾਨੂੰ ਇਹ ਅਸ਼ੀਰਵਾਦ ਦੇਣ ਲਈ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਪ੍ਰਾਈਵੇਸੀ ਦਾ ਸਤਿਕਾਰ ਕਰੋ ਕਿਉਂਕਿ ਅਸੀਂ ਦੁਨੀਆ ਵਿੱਚ ਛੋਟੇ ਦਾ ਸਵਾਗਤ ਕਰਦੇ ਹਾਂ। ਲਵ, ਹੇਜ਼ਲ ਐਂਡ ਯੁਵਰਾਜ।’
ਹੇਜ਼ਲ ਅਤੇ ਯੁਵਰਾਜ ਦੀ ਮੰਗਣੀ 12 ਨਵੰਬਰ 2015 ਨੂੰ ਹੋਈ ਸੀ। ਫਿਰ 30 ਨਵੰਬਰ 2016 ਨੂੰ ਦੋਵੇਂ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਗਏ। ਹੇਜ਼ਲ ਕੀਚ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿਗਿਆਪਨ ਨਾਲ ਕੀਤੀ ਸੀ। ਉਸ ਨੇ ਸਲਮਾਨ ਖਾਨ ਦੀ ਫਿਲਮ ‘ਬਾਡੀਗਾਰਡ’ ਵਿੱਚ ਦੂਜੀ ਲੀਡ ਅਦਾਕਾਰਾ ਵਜੋਂ ਕੰਮ ਕੀਤਾ, ਜੋ ਉਸ ਫਿਲਮ ਵਿੱਚ ਕਰੀਨਾ ਕਪੂਰ ਦੀ ਦੋਸਤ ਦੀ ਭੂਮਿਕਾ ਵਿੱਚ ਨਜ਼ਰ ਆਈ ਸੀ।
‘ਬਾਡੀਗਾਰਡ’ ਤੋਂ ਇਲਾਵਾ ਹੇਜ਼ਲ ਨੇ ‘ਮੈਕਸਿਮ’, ‘ਧਰਮ ਸੰਕਟ’ ਅਤੇ ‘ਬਾਂਕੇ ਕੀ ਕ੍ਰੇਜ਼ੀ ਬਾਰਾਤ’ ਵਰਗੀਆਂ ਬਾਲੀਵੁੱਡ ਫਿਲਮਾਂ ‘ਚ ਕੰਮ ਕੀਤਾ ਹੈ। ਹਿੰਦੀ ਦੇ ਨਾਲ-ਨਾਲ ਉਹ ਤੇਲਗੂ ਅਤੇ ਪੰਜਾਬੀ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਉਸ ਨੇ ਬਿਗ ਬੌਸ-7 ਵਿੱਚ ਹਿੱਸਾ ਲਿਆ ਸੀ, ਜਿਸ ਵਿੱਚ ਉਸ ਨੂੰ ਪਹਿਲੇ ਹਫ਼ਤੇ ਵਿੱਚ ਹੀ ਘਰ ਤੋਂ ਐਵਿਕਟ ਕਰ ਦਿੱਤਾ ਗਿਆ ਸੀ।
39 ਸਾਲਾ ਯੁਵਰਾਜ ਨੇ 10 ਜੂਨ 2019 ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਯੁਵਰਾਜ ਸਿੰਘ ਨੇ 304 ਵਨਡੇ ਇੰਟਰਨੈਸ਼ਨਲ ਮੈਚ ਖੇਡੇ, ਜਿਨ੍ਹਾਂ ਵਿੱਚ ਉਸ ਨੇ 36.55 ਦੀ ਔਸਤ ਨਾਲ 8701 ਦੌੜਾਂ ਬਣਾਈਆਂ। ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਉਸ ਦੇ ਨਾਂ ਕੁਲ 14 ਸੈਂਕੜੇ ਅਤੇ 52 ਅਰਧ ਸੈਂਕੜੇ ਹਨ। ਯੁਵਰਾਜ ਨੇ 40 ਟੈਸਟ ਮੈਚਾਂ ‘ਚ 1900 ਦੌੜਾਂ ਬਣਾਈਆਂ, ਜਿਸ ‘ਚ 3 ਸੈਂਕੜੇ ਅਤੇ 11 ਅਰਧ ਸੈਂਕੜੇ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਇਸ ਤੋਂ ਇਲਾਵਾ ਯੁਵਰਾਜ ਨੇ 58 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 1177 ਦੌੜਾਂ ਬਣਾਈਆਂ, ਜਿਸ ‘ਚ ਅੱਠ ਅਰਧ ਸੈਂਕੜੇ ਸ਼ਾਮਲ ਹਨ। ਯੁਵਰਾਜ ਨੇ ਗੇਂਦਬਾਜ਼ੀ ਵਿੱਚ ਵੀ ਆਪਣਾ ਹੱਥ ਅਜ਼ਮਾਇਆ, ਟੈਸਟ ਵਿੱਚ 9 ਵਿਕਟਾਂ, ਵਨਡੇ ਵਿੱਚ 111 ਅਤੇ ਟੀ-20 ਅੰਤਰਰਾਸ਼ਟਰੀ ਵਿੱਚ 28 ਵਿਕਟਾਂ ਲਈਆਂ। ਸਾਲ 2017 ਵਿੱਚ ਯੁਵਰਾਜ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਜੋ ਕਿ ਇੰਗਲੈਂਡ ਦੇ ਖਿਲਾਫ ਟੀ-20 ਮੈਚ ਸੀ।