ਪਾਕਿਸਤਾਨ ‘ਚ ਹਿੰਦੂ ਮੰਦਰਾਂ ‘ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਾਰੇ ਦਾਅਵਿਆਂ ਅਤੇ ਭਰੋਸਿਆਂ ਦੇ ਬਾਵਜੂਦ ਕੱਟੜਪੰਥੀ ਮੰਦਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਿੰਧ ਸੂਬੇ ਦੇ ਥਾਰ ਪਾਰਕਰ ਜ਼ਿਲ੍ਹੇ ਦੇ ਖੱਤਰੀ ਇਲਾਕੇ ‘ਚ ਐਤਵਾਰ ਨੂੰ ਮੁਸਲਿਮ ਕੱਟੜਪੰਥੀਆਂ ਨੇ ਹਿੰਗਲਾਜ ਮਾਤਾ ਦੇ ਮੰਦਰ ‘ਚ ਭੰਨਤੋੜ ਕੀਤੀ। ਹਮਲਾਵਰਾਂ ਨੇ ਮੰਦਰ ਵਿੱਚ ਰੱਖੀਆਂ ਮੂਰਤੀਆਂ ਸਮੇਤ ਸਭ ਕੁਝ ਤਬਾਹ ਕਰ ਦਿੱਤਾ। ਦੱਸ ਦਈਏ ਕਿ ਪਾਕਿਸਤਾਨ ‘ਚ ਪਿਛਲੇ 22 ਮਹੀਨਿਆਂ ‘ਚ ਹਿੰਦੂ ਮੰਦਰਾਂ ‘ਤੇ ਇਹ 11ਵਾਂ ਹਮਲਾ ਹੈ।
ਹਿੰਗਲਾਜ ਮਾਤਾ ਮੰਦਰ ‘ਤੇ ਹਮਲੇ ਤੋਂ ਬਾਅਦ ਪਾਕਿਸਤਾਨ ਹਿੰਦੂ ਮੰਦਰ ਪ੍ਰਬੰਧਨ ਦੇ ਪ੍ਰਧਾਨ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਇਸਲਾਮਿਕ ਕੱਟੜਪੰਥੀ ਪਾਕਿਸਤਾਨ ਦੀ ਸੁਪਰੀਮ ਕੋਰਟ ਅਤੇ ਪਾਕਿਸਤਾਨ ਸਰਕਾਰ ਤੋਂ ਡਰਨ ਵਾਲੇ ਨਹੀਂ ਹਨ। ਇਸ ਦੌਰਾਨ ਹਿੰਦੂਆਂ ਨੇ ਮੰਦਰ ‘ਤੇ ਹਮਲੇ ਦੇ ਖਿਲਾਫ ਮੋਰਚਾ ਕੱਢਿਆ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਮੁਸਲਿਮ ਕੱਟੜਪੰਥੀ ਅਕਸਰ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਹ ਉਦੋਂ ਹੈ ਜਦੋਂ ਇਮਰਾਨ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਘੱਟ ਗਿਣਤੀਆਂ ਨੂੰ ਸੁਰੱਖਿਆ ਦਿੱਤੀ ਜਾਵੇਗੀ।
ਪਿਛਲੇ ਸਾਲ ਦਸੰਬਰ ਵਿੱਚ ਪਾਕਿਸਤਾਨ ਦੀ ਵਿੱਤੀ ਰਾਜਧਾਨੀ ਕਹੇ ਜਾਣ ਵਾਲੇ ਕਰਾਚੀ ਸ਼ਹਿਰ ਵਿੱਚ ਇੱਕ ਹਿੰਦੂ ਮੰਦਰ ਵਿੱਚ ਕੱਟੜਪੰਥੀਆਂ ਦੁਆਰਾ ਦੇਵੀ ਦੁਰਗਾ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ ਸੀ। ਕੱਟੜਪੰਥੀਆਂ ਨੇ ਕਰਾਚੀ ਦੇ ਨਾਰੀਅਨ ਪੁਰਾ ਹਿੰਦੂ ਮੰਦਰ ‘ਤੇ ਹਮਲਾ ਕੀਤਾ ਸੀ। ਹਮਲਾਵਰਾਂ ਨੇ ਪੂਰੇ ਮੰਦਰ ਨੂੰ ਤਬਾਹ ਕਰ ਦਿੱਤਾ ਸੀ। ਪਤਾ ਲੱਗਾ ਹੈ ਕਿ ਕਰਾਚੀ ਵਿਚ ਵੱਡੀ ਗਿਣਤੀ ਵਿਚ ਹਿੰਦੂ ਰਹਿੰਦੇ ਹਨ। ਇਸ ਹਮਲੇ ਨੂੰ ਲੈ ਕੇ ਇਮਰਾਨ ਸਰਕਾਰ ਦੀ ਆਲੋਚਨਾ ਵੀ ਹੋਈ ਸੀ।
ਪਾਕਿਸਤਾਨ ‘ਚ ਇਹ ਹਮਲੇ ਅਜਿਹੇ ਸਮੇਂ ‘ਚ ਹੋ ਰਹੇ ਹਨ, ਜਦੋਂ ਸੁਪਰੀਮ ਕੋਰਟ ਲਗਾਤਾਰ ਨੋਟਿਸ ਜਾਰੀ ਕਰ ਰਹੀ ਹੈ ਅਤੇ ਇਮਰਾਨ ਖਾਨ ਸਰਕਾਰ ਮੰਦਰਾਂ ਦੀ ਸੁਰੱਖਿਆ ਲਈ ਵਚਨਬੱਧ ਹੋਣ ਦਾ ਦਾਅਵਾ ਕਰ ਰਹੀ ਹੈ। ਅਜੇ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਦੇ ਪੰਜਾਬ ਦੇ ਇਕ ਗਣੇਸ਼ ਮੰਦਰ ‘ਤੇ ਵੀ ਹਮਲਾ ਹੋਇਆ ਸੀ। ਇਸ ਹਮਲੇ ਦੀ ਦੁਨੀਆ ਭਰ ਤੋਂ ਤਿੱਖੀ ਆਲੋਚਨਾ ਤੋਂ ਬਾਅਦ ਇਮਰਾਨ ਖਾਨ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਇਸ ਮੰਦਰ ਦਾ ਮੁਰੰਮਤ ਕਰਵਾਏਗੀ। ਇਸ ਤੋਂ ਪਹਿਲਾਂ ਵੀ ਪੀਐਮ ਖਾਨ ਨੇ ਇਸਲਾਮਾਬਾਦ ਵਿੱਚ ਮੰਦਰ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੂੰ ਕੱਟੜਪੰਥੀਆਂ ਦੇ ਵਿਰੋਧ ਅੱਗੇ ਝੁਕਣਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -: