ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ ਇੱਥੇ ਮੁਕਾਬਲੇ ‘ਚ 5 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਸੁਰੱਖਿਆ ਬਲਾਂ ਨੇ ਪੁਲਵਾਮਾ ‘ਚ 4 ਅਤੇ ਬਡਗਾਮ ‘ਚ 1 ਅੱਤਵਾਦੀ ਨੂੰ ਮਾਰ ਮੁਕਾਇਆ ਹੈ। ਬਡਗਾਮ ‘ਚ ਅੱਤਵਾਦੀ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਮਾਰੇ ਗਏ ਅੱਤਵਾਦੀਆਂ ‘ਚ ਜੈਸ਼-ਏ-ਮੁਹੰਮਦ ਦੇ ਚਾਰ ਅਤੇ ਇਕ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਹੈ।
ਦੱਸ ਦਈਏ ਕਿ ਅਨੰਤਨਾਗ ‘ਚ ਪੁਲਸ ਕਰਮਚਾਰੀ ‘ਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੁਲਵਾਮਾ ਦੇ ਨਾਇਰਾ ਇਲਾਕੇ ‘ਚ ਅੱਤਵਾਦੀਆਂ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ। ਨਾਇਰਾ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ। ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਨਾਇਰਾ ਇਲਾਕੇ ‘ਚ ਦੋ ਤੋਂ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਇਸ ਮਹੀਨੇ ਜਨਵਰੀ ‘ਚ ਹੁਣ ਤੱਕ 22 ਅੱਤਵਾਦੀ ਮਾਰੇ ਜਾ ਚੁੱਕੇ ਹਨ।
ਪੁਲਵਾਮਾ ਦੇ ਨਾਇਰਾ ਪਿੰਡ ‘ਚ ਮੁਕਾਬਲੇ ਤੋਂ ਥੋੜ੍ਹੀ ਦੇਰ ਬਾਅਦ ਹੀ ਬਡਗਾਮ ਜ਼ਿਲੇ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਦੂਜਾ ਮੁਕਾਬਲਾ ਸ਼ੁਰੂ ਹੋ ਗਿਆ। ਬਡਗਾਮ ਦੇ ਚਰਾਰ-ਏ-ਸ਼ਰੀਫ ਇਲਾਕੇ ‘ਚ ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ। ਕਸ਼ਮੀਰ ਜ਼ੋਨ ਪੁਲਿਸ ਮੁਤਾਬਕ ਚਰਾਰ-ਏ-ਸ਼ਰੀਫ਼ ਇਲਾਕੇ ‘ਚ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿੱਚ ਲਸ਼ਕਰ-ਏ-ਤੋਇਬਾ ਦਾ ਇੱਕ ਅੱਤਵਾਦੀ ਮਾਰਿਆ ਗਿਆ ਹੈ। ਮਾਰੇ ਗਏ ਅੱਤਵਾਦੀ ਕੋਲੋਂ ਇੱਕ ਏਕੇ-56 ਰਾਈਫਲ ਬਰਾਮਦ ਹੋਈ ਹੈ। ਇਲਾਕੇ ‘ਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ।
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਹੀ ਅੱਤਵਾਦੀ ਸਥਾਨਕ ਲੋਕਾਂ ਅਤੇ ਪੁਲਿਸ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਅੱਤਵਾਦੀਆਂ ਦੀ ਗੋਲੀਬਾਰੀ ‘ਚ ਇਕ ਪੁਲਸ ਮੁਲਾਜ਼ਮ ਸ਼ਹੀਦ ਹੋ ਗਿਆ। ਜੰਮੂ-ਕਸ਼ਮੀਰ ਪੁਲਿਸ ਦੇ ਹੈੱਡ ਕਾਂਸਟੇਬਲ ਅਲੀ ਮੁਹੰਮਦ ‘ਤੇ ਬਿਜਬੇਹਰਾ ਇਲਾਕੇ ਦੇ ਹਸਨਪੋਰਾ ‘ਚ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਹੈੱਡ ਕਾਂਸਟੇਬਲ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਹੈੱਡ ਕਾਂਸਟੇਬਲ ਅਲੀ ਮੁਹੰਮਦ ਸ਼ਹੀਦ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: