ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਦਿਨਾਂ ਦਾ ਸਮਾਂ ਬਚਿਆ ਹੈ। ਹਰੇਕ ਪਾਰਟੀ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਲੰਬੀ ਵਿੱਚ ਅਕਾਲੀ-ਬਸਪਾ ਦੇ ਉਮੀਦਵਾਰ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਜਲਾਲਾਬਾਦ ਵਿੱਚ ਸ. ਸੁਖਬੀਰ ਸਿੰਘ ਬਾਦਲ ਲਈ ਹੋ ਰਹੇ ਚੋਣ ਪ੍ਰਚਾਰ ਨੂੰ ਲੋਕਾਂ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ। ਇੱਕ ਪਾਸੇ ਜਿਥੇ ਲੰਬੀ ‘ਚ ਅਨੰਤਵੀਰ ਦਾਦੇ ਪ੍ਰਕਾਸ਼ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਹਲਕੇ ਵਿਚ ਨਿਤਰੇ ਹਨ, ਉਥੇ ਹੀ ਦੂਜੇ ਹਰਕੀਰਤ ਕੌਰ ਵੀ ਪਿਤਾ ਸੁਖਬੀਰ ਬਾਦਲ ਦੇ ਚੋਣ ਪ੍ਰਚਾਰ ਲਈ ਪੂਰੀ ਤਰ੍ਹਾਂ ਸਰਗਰਮ ਹਨ।
ਅਨੰਤਵੀਰ ਦੇ ਚੋਣ ਪ੍ਰਚਾਰ ਦੀ ਵਿਲੱਖਣਤਾ ਇਸ ਲਈ ਵੀ ਹੈ ਕਿਉਂਕਿ ਉਹ ਸਭ ਤੋਂ ਵੱਡੀ ਉਮਰ ਤੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਆਪਣੇ ਦਾਦੇ ਸ. ਪ੍ਰਕਾਸ਼ ਸਿੰਘ ਬਾਦਲ ਲਈ ਚੋਣ ਪ੍ਰਚਾਰ ਕਰ ਰਹੇ ਹਨ। ਅਨੰਤਵੀਰ ਨੇ ਅੱਜ ਪਿੰਡ ਬਾਦਲ, ਬੀਦੋਵਾਲੀ, ਮਾਨ ਅਤੇ ਖਿਓਵਾਲੀ ’ਚ ਯੂਥ ਅਕਾਲੀ ਦਲ ਦੇ ਚੋਣ ਜਲਸਿਆਂ ਵਿਚ ਹਿੱਸਾ ਲਿਆ। ਉਸ ਨੇ ਹੱਥ ਜੋੜ ਵੋਟਰਾਂ ਤੇ ਹਲਕੇ ’ਚ ਦਾਦਾ ਬਾਦਲ ਵੱਲੋਂ ਕੀਤੇ ਵਿਕਾਸ ਕਾਰਜਾਂ ’ਤੇ ਆਧਾਰ ’ਤੇ ਸਹਿਯੋਗ ਦੀ ਅਪੀਲ ਕੀਤੀ ।ਇਥੇ ਇਹ ਵੀ ਦੱਸਣਯੋਗ ਹੈ ਕਿ ਅਨੰਤਵੀਰ 20 ਫਰਵਰੀ ਨੂੰ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੇਗਾ।
ਗੌਰਤਲਬ ਹੈ ਕਿ 2016 ਵਿੱਚ ਅਨੰਤਵੀਰ ਪਹਿਲੀ ਵਾਰ ਪਿੰਡ ਮਾਨ ਵਿੱਚ ਦਾਦਾ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਵਿੱਚ ਜਨਤਕ ਤੌਰ ’ਤੇ ਸ਼ਾਮਲ ਹੋਇਆ ਸੀ। ਅਨੰਤਵੀਰ ਅਸ਼ੋਕਾ ਯੂਨੀਵਰਸਿਟੀ ਦਿੱਲੀ ’ਚ ਇਕਨੌਮਿਕਸ ਅਤੇ ਫਾਇਨਾਂਸ ਦੀ ਬੈਚੁਲਰ ਡਿਗਰੀ ਦੇ ਦੂਜੇ ਵਰ੍ਹੇ ਦਾ ਵਿਦਿਆਰਥੀ ਹੈ।
ਦੂਜੇ ਪਾਸੇ ਧੀ ਹਰਕੀਰਤ ਨੇ ਪਿਤਾ ਸ. ਸੁਖਬੀਰ ਸਿੰਘ ਬਾਦਲ ਲਈ ਚੋਣ ਪ੍ਰਚਾਰ ਕੀਤਾ ਤੇ ਨਾਲ ਹੀ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ।