ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਵੱਲੋਂ ਧੜੱਲੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਚੋਣ ਪ੍ਰਚਾਰ ਵਿਚਾਲੇ ਛੱਡ ‘ਆਪ’ ਦੇ ਸੀਐੱਮ ਚਿਹਰੇ ਤੇ ਧੂਰੀ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਲੋਕ ਸਭਾ ਵਿਚ ਪੇਸ਼ ਹੋ ਕੇ ਕਿਸਾਨਾਂ ਦਾ ਗੰਭੀਰ ਮੁੱਦਾ ਚੁੱਕਿਆ।
ਭਗਵੰਤ ਮਾਨ ਨੇ ਕਿਹਾ ਕਿ ਸ਼ੂਗਰ ਐਕਟ 1966 ਤਹਿਤ ਗੰਨੇ ਦੇ ਕਿਸਾਨਾਂ ਨੂੰ ਸ਼ੂਗਰ ਮਿੱਲਾਂ ਨੂੰ 14 ਦਿਨਾਂ ਵਿਚ ਪੇਮੈਂਟ ਕਰਨੀ ਹੁੰਦੀ ਹੈ ਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਵਿਆਜ ਦੇਣਾ ਪੈਂਦਾ ਹੈ ਪਰ 2020-21-22 ਵਿਚ ਗੰਨੇ ਦਾ ਸਰਕਾਰੀ ਰੇਟ 360 ਰੁ. ਕੁਇੰਟਲ ਸੀ ਤੇ ਮਿੱਲਾਂ 325 ਰੁਪਏ ਦੇ ਰਹੀਆਂ ਸਨ ਤੇ ਸਰਕਾਰ ਨੇ 35 ਰੁਪਏ ਦੇਣੇ ਸਨ। ਮਾਨ ਨੇ ਕਿਹਾ ਕਿ ਸ਼ੂਗਰ ਮਿੱਲਾਂ 325 ਰੁ. ਪ੍ਰਤੀ ਕੁਇੰਟਲ ਦੇ ਰਹੀਆਂ ਹਨ ਪਰ ਸਰਕਾਰ ਵੱਲੋਂ 35 ਰੁਪਏ ਦਾ ਬੋਨਸ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਮੇਰੇ ਹਲਕੇ ਸੰਗਰੂਰ, ਧੂਰੀ, ਭਗਵਾਨਪੁਰਾ ਵਿਚ ਸ਼ੂਗਰ ਮਿੱਲਾਂ ਹਨ ਤੇ ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਸਵਾ ਕਰੋੜ ਰੁਪਏ ਪਿਛਲੇ ਸਾਲ ਤੇ 20 ਕਰੋੜ ਰੁਪਏ ਇਸ ਸਾਲ ਦੇ ਪੈਂਡਿੰਗ ਹਨ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਲੱਗਣ ਕਾਰਨ ਹੋਏ ਫਸਲਾਂ ਦੇ ਨੁਕਸਾਨ ਦਾ ਵੀ ਕਿਸਾਨਾਂ ਨੂੰ ਕੋਈ ਮੁਆਵਜ਼ਾ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ।
ਧੂਰੀ ਤੋਂ ਸੰਸਦ ਮੈਂਬਰ ਮਾਨ ਨੇ ਕਿਹਾ ਕਿ ਮੇਰੀ ਸਰਕਾਰ ਤੋਂ ਮੰਗ ਹੈ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਦਿੱਲੀ ਵਿਚ ਖੇਤੀ ਕਾਨੂੰਨਾਂ ਲਈ ਜੋ ਸੰਘਰਸ਼ ਹੋਇਆ, ਇਸ ਦੌਰਾਨ 743 ਮੌਤਾਂ ਹੋਈਆਂ, ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ। ਮੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਹੈ ਕਿ ਕਿਸਾਨਾਂ ‘ਤੇ ਦਰਜ ਪਰਚੇ ਵੀ ਵਾਪਸ ਲਏ ਜਾਣ। ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਪਰਿਵਾਰ ਚੰਗੀ ਰੋਟੀ ਖਾ ਸਕਣ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਅਖੀਰ ਵਿਚ ਭਗਵੰਤ ਮਾਨ ਨੇ ਕਿਹਾ ਕਿ ਗੰਨੇ, ਕਪਾਹ, ਨਰਮੇ ਦੇ ਮੁਆਵਜ਼ੇ ਦਿਵਾਏ ਜਾਣ ਤਾਂ ਜੋ ਕਿਸਾਨ ਖੁਦਕੁਸ਼ੀਆਂ ਨਾ ਕਰਨ ਤੇ ਸਾਰੇ ਸੰਸਾਰ ਦਾ ਢਿੱਡ ਭਰਨ ਵਾਲਾ ਕਿਸਾਨ ਖੁਦ ਭੁੱਖਾ ਨਾ ਸੌਂ ਸਕੇ।