ਭਗੌੜੇ ਵਿਜੇ ਮਾਲਿਆ ਨੂੰ ਮਾਣਹਾਨੀ ਮਾਮਲੇ ‘ਚ ਸੁਪਰੀਮ ਕੋਰਟ ਨੇ ਆਪਣਾ ਪੱਖ ਰੱਖਣ ਦਾ ਆਖਰੀ ਮੌਕਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਜੇ ਮਾਲਿਆ ਅਗਲੀ ਸੁਣਵਾਈ ‘ਤੇ ਖੁਦ ਪੇਸ਼ ਨਹੀਂ ਹੁੰਦਾ ਹੈ ਜਾਂ ਆਪਣੇ ਵਕੀਲ ਰਾਹੀਂ ਆਪਣਾ ਪੱਖ ਨਹੀਂ ਪੇਸ਼ ਕਰਦਾ ਤਾਂ ਵੀ ਸਜ਼ਾ ਨੂੰ ਲੈ ਕੇ ਕਾਰਵਾਈ ਨਹੀਂ ਰੋਕੀ ਜਾਵੇਗੀ। ਮਾਮਲੇ ਦੀ ਅਗਲੀ ਸੁਣਵਾਈ 24 ਫਰਵਰੀ ਨੂੰ ਹੋਵੇਗੀ।
9 ਮਈ 2017 ਨੂੰ ਸੁਪਰੀਮ ਕੋਰਟ ਨੇ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਡਕਾਰ ਕੇ ਫਰਾਰ ਹੋਏ ਮਾਲਿਆ ਨੂੰ ਦੋਸ਼ੀ ਕਰਾਰ ਦਿੱਤਾ ਸੀ। ਉਸ ਨੂੰ ਡਿਏਗੋ ਡੀਲ ਦੇ 40 ਮਿਲੀਅਨ ਡਾਲਰ ਆਪਣੇ ਬੱਚਿਆਂ ਦੇ ਵਿਦੇਸ਼ੀ ਖਾਤਿਆਂ ਵਿੱਚ ਟਰਾਂਸਫਰ ਕਰਨ ਅਤੇ ਜਾਇਦਾਦ ਦਾ ਸਹੀ ਵੇਰਵਾ ਨਾ ਦੇਣ ਲਈ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਦੀ ਮੁੜ ਵਿਚਾਰ ਪਟੀਸ਼ਨ ਵੀ ਖਾਰਿਜ ਕਰ ਦਿੱਤੀ ਗਈ ਹੈ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਦੋਸ਼ੀ ਦਾ ਪੇਸ਼ ਹੋਣਾ ਕਾਨੂੰਨੀ ਸ਼ਰਤ ਹੈ। ਪਰ ਮਾਲਿਆ ਕਈ ਵਾਰ ਮੌਕਾ ਮਿਲਣ ਦੇ ਬਾਵਜੂਦ ਪੇਸ਼ ਨਹੀਂ ਹੋਇਆ।
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਨ ਦੇ ਬਾਵਜੂਦ ਮਾਲਿਆ ਕੁਝ ਕਾਨੂੰਨੀ ਚਾਲ ਅਪਣਾ ਕੇ ਯੂਨਾਈਟਿਡ ਕਿੰਗਡਮ ਵਿੱਚ ਹੀ ਹੈ। ਉਸ ਨੇ ਉਥੇ ਕੁਝ ਗੁਪਤ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੂਕੇ ਦੀ ਸਰਕਾਰ ਨੇ ਨਾ ਤਾਂ ਭਾਰਤ ਸਰਕਾਰ ਨੂੰ ਇਸ ਪ੍ਰਕਿਰਿਆ ਵਿੱਚ ਧਿਰ ਬਣਾਇਆ ਹੈ ਅਤੇ ਨਾ ਹੀ ਇਸਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਕਰਕੇ ਮਾਲਿਆ ਨੂੰ ਅਜੇ ਤੱਕ ਭਾਰਤ ਨਹੀਂ ਲਿਆਂਦਾ ਜਾ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਇਸ ਤੋਂ ਪਹਿਲਾਂ 30 ਨਵੰਬਰ 2021 ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਦੋਸ਼ੀ ਦੀ ਹਵਾਲਗੀ ਹੋਣੀ ਚਾਹੀਦੀ ਹੈ ਜਾਂ ਨਹੀਂ, ਸਜ਼ਾ ‘ਤੇ ਫੈਸਲੇ ਦੀ ਹੋਰ ਉਡੀਕ ਨਹੀਂ ਕੀਤੀ ਜਾਵੇਗੀ। ਜਸਟਿਸ ਯੂ ਯੂ ਲਲਿਤ ਦੀ ਅਗਵਾਈ ਵਾਲੀ 3 ਜੱਜਾਂ ਦੀ ਬੈਂਚ ਨੇ ਕਿਹਾ ਸੀ ਕਿ ਦੋਸ਼ੀ ਆਪਣੇ ਵਕੀਲ ਰਾਹੀਂ ਆਪਣਾ ਪੱਖ ਪੇਸ਼ ਕਰ ਸਕਦਾ ਹੈ।
ਅਦਾਲਤ ਨੇ ਇਸ ਮਾਮਲੇ ਵਿੱਚ ਆਪਣੀ ਮਦਦ ਲਈ ਸੀਨੀਅਰ ਵਕੀਲ ਜੈਦੀਪ ਗੁਪਤਾ ਨੂੰ ਐਮਿਕਸ ਕਿਊਰੀ ਬਣਾਇਆ ਸੀ। ਅੱਜ ਐਮਿਕਸ ਕਿਊਰੀ ਨੇ ਅਦਾਲਤ ਨੂੰ ਮਾਲਿਆ ਨੂੰ ਇੱਕ ਆਖਰੀ ਮੌਕਾ ਦੇਣ ਦੀ ਸਲਾਹ ਦਿੱਤੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤ ਨੇ ਹੁਕਮਾਂ ਵਿੱਚ ਕਿਹਾਕਿ ਅਗਲੀ ਸੁਣਵਾਈ ਵਿੱਚ ਭਾਵੇਂ ਕੋਈ ਵੀ ਦੋਸ਼ੀ ਦੀ ਤਰਫੋਂ ਪੇਸ਼ ਹੁੰਦਾ ਹੈ, ਕਾਰਵਾਈ ਨੂੰ ਟਾਲਿਆ ਨਹੀਂ ਜਾਵੇਗਾ।