ਲੰਡਨ : ਯੂਕੇ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੱਲੋਂ ਸਿੱਖਾਂ ਨੂੰ ਲੈ ਕੇ ਟਿੱਪਣੀ ਦਾ ਮਾਮਲਾ ਕਾਫ਼ੀ ਭਖ ਰਿਹਾ ਹੈ, ਜਿਸ ਪਿੱਛੋਂ ਹੁਣ ਉਸ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਉਠਣ ਲੱਗੀ ਹੈ। ਯੂਕੇ ਦੇ 150 ਤੋਂ ਵੱਧ ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਨੇ ਇੱਕ ਚਿੱਠੀ ‘ਤੇ ਦਸਤਖਤ ਕਰਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਭੇਜਿਆ ਹੈ, ਜਿਸ ਵਿੱਚ ਭਾਰਤੀ ਮੂਲ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਉਸ ਦੀ ਸਿੱਖ ਕੱਟੜਪੰਥੀ ਟਿੱਪਣੀ ਲਈ ਬਰਖਾਸਤ ਕਰਨ ਅਤੇ ਮੁਆਫੀ ਮੰਗਣ ਦੀ ਮੰਗ ਕੀਤੀ ਗਈ ਹੈ।
ਸਿੱਖ ਫੈਡਰੇਸ਼ਨ (ਯੂ.ਕੇ.) ਵੱਲੋਂ ਲਿਖੀ ਗਈ ਇਸ ਚਿੱਠੀ ਵਿੱਚ ਪਿਛਲੇ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਬ੍ਰਿਟਿਸ਼ ਸਿੱਖਾਂ ਨੂੰ ਕੋਈ ਸੰਦੇਸ਼ ਜਾਂ ਵੀਡੀਓ ਨਾ ਪਾਉਣ ਲਈ ਵੀ ਜੌਨਸਨ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ ਹੈ। ਚਿੱਠੀ ਵਿੱਚ ਸਕਾਟਿਸ਼ ਸਿੱਖ ਜਗਤਾਰ ਸਿੰਘ ਜੌਹਲ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ, ਜੋ ਕਿ ਕਤਲ ਦੇ ਦੋਸ਼ਾਂ ਵਿੱਚ ਨਵੰਬਰ 2017 ਤੋਂ ਭਾਰਤ ਵਿੱਚ ਨਜ਼ਰਬੰਦ ਹੈ ਅਤੇ ਯੂਕੇ ਪ੍ਰਧਾਨ ਮੰਤਰੀ ਨੂੰ ਇਹ ਪੁਸ਼ਟੀ ਕਰਨ ਲਈ ਕਿਹਾ ਗਿਆ ਹੈ ਕਿ ਜੌਹਲ ਨੂੰ ਮਨਮਾਨੇ ਢੰਗ ਨਾਲ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
ਇਹ ਚਿੱਠੀ ਉਸ ਵੇਲੇ ਲਿਖੀ ਗਈ ਹੈ ਜਦੋਂ ਭਾਰਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀ ਪਟੇਲ ਤੋਂ ਮੁਆਫੀ ਮੰਗਣ ਅਤੇ ਉਸ ਦੇ ਬੇਬੁਨਿਆਦ ਬਿਆਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਅਮਰੀਕਾ ਦੇ ਇਕ ਸਮਾਗਮ ਵਿਚ ਸ਼ਮੂਲੀਅਤ ਕਰਦਿਆਂ ਪ੍ਰੀਤੀ ਪਟੇਲ ਨੇ ਕਿਹਾ ਕਿ ਸਿੱਖ ਵੱਖਵਾਦ ਨਾ ਸਿਰਫ ਯੂ. ਕੇ. ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਰਿਹਾ ਹੈ ਸਗੋਂ ਅਮਰੀਕਾ ਵੀ ਇਸ ਤੋਂ ਅਣਭਿੱਜ ਨਹੀਂ ਹੈ। ਪ੍ਰੀਤੀ ਪਟੇਲ ਦੇ ਭਾਸ਼ਣ ਵਾਲੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਖੇ ਸਥਿਤ ਹੈਰੀਟੇਜ ਫਾਊਂਡੇਸ਼ਨ ਵੱਲੋਂ ਪਿਛਲੇ ਸਾਲ 19 ਨਵੰਬਰ ਨੂੰ ਇਕ ਸਮਾਗਮ ਕਰਵਾਇਆ ਗਿਆ। ਇਥੇ ਪ੍ਰੀਤੀ ਪਟੇਲ ਵੱਲੋਂ ਕੌਮਾਂਤਰੀ ਪੱਧਰ ਉਤੇ ਦਰਪੇਸ਼ ਖਤਰਿਆਂ ਬਾਰੇ ਵਿਚਾਰ ਸਾਂਝੇ ਕਰਨ ਦੌਰਾਨ ਇਸਲਾਮਿਕ ਅੱਤਵਾਦ ਦਾ ਜ਼ਿਕਰ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਨਾਂ ਲਏ ਤੇ ਫਿਰ ਇਸ ਲੜੀ ਵਿਚ ਸਿੱਖਾਂ ਨੂੰ ਵੀ ਖੜ੍ਹਾ ਕਰ ਦਿੱਤਾ।
ਉਸ ਨੇ ਕਿਹਾ ਸੀ ਕਿ ਸਿੱਖ ਵੱਖਵਾਦ ਨੇ ਪਿਛਲੇ ਕੁਝ ਸਾਲਾਂ ਦੌਰਾਨ ਕਾਫੀ ਚਿੰਤਾਵਾਂ ਪੈਦਾ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਪਰ ਇਹ ਸਾਰਾ ਕੁਝ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੋਣਾ ਚਾਹੀਦਾ ਹੈ। ਉਸ ਦੇ ਭਾਸ਼ਣ ਵਾਲੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਪਿੱਛੋਂ ਸਿੱਖ ਸੰਗਠਨਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।