ਪੰਜਾਬੀ ਅਦਾਕਾਰਾ ਦੀਪ ਸਿੱਧੂ ਦੀ ਦੋ ਦਿਨ ਪਹਿਲਾਂ ਹਾਦਸੇ ਵਿੱਚ ਹੋਈ ਮੌਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਟਰਾਲਾ ਡਰਾਈਵਰ ਕਾਸਿਮ ਖਾਨ ਨੇ ਗ੍ਰਿਫਤਾਰੀ ਤੋਂ ਬਾਅਦ ਵੀਰਵਾਰ ਰਾਤ ਨੂੰ ਸੋਨੀਪਤ ਦੇ ਖਰਖੌਦਾ ਪੁਲਿਸ ਥਾਣੇ ਵਿੱਚ ਦਿੱਤੇ ਬਿਆਨਾਂ ਤੋਂ ਪਲਟੀ ਮਾਰ ਗਿਆ ਹੈ. ਪੁਲਿਸ ਸਾਹਮਣੇ ਉਸ ਨੇ ਆਪਣੀ ਗਲਤੀ ਮੰਨਦੇ ਹੋਏ ਲਾਪਰਵਾਹੀ ਦੀ ਗੱਲ ਕਹੀ ਸੀ। ਪੁਲਿਸ ਨੇ ਸ਼ੁੱਕਰਵਾਰ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛ-ਗਿੱਛ ਤੇ ਛਾਣਬੀਣ ਲਈ ਦੋ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ।
ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਿਆ ਤੇ ਫਿਰ ਕਾਸਿਮ ਖਾਨ ਨੂੰ ਪੁਲਿਸ ਰਿਮਾਂਡ ਦੀ ਪੁਲਿਸ ਦੀ ਮੰਗ ਨੂੰ ਖਾਰਿਜ ਕਰਦਿਆਂ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ। ਕਾਸਿਮ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਹਾਦਸੇ ਵਿੱਚ ਉਸ ਦਾ ਕੋਈ ਕਸੂਰ ਨਹੀਂ ਹੈ। ਪੁਲਿਸ ਨੂੰ ਕੁਝ ਬਰਾਮਦ ਵੀ ਨਹੀਂ ਹੋਇਆ ਹੈ। ਇਹ ਸਿੱਧੇ-ਸਿੱਧੇ ਪਿੱਛਿਓਂ ਟਰਾਲੇ ਵਿੱਚ ਗੱਡੀ ਠੋਕਣ ਦਾ ਕੇਸ ਹੈ।
ਦੱਸ ਦੇਈਏ ਕਿ ਪੰਜਾਬੀ ਅਦਾਕਾਰ ਤੇ ਲਾਲ ਕਿਲ੍ਹਾ ਹਿੰਸਾ ਦਾ ਦੋਸ਼ੀ ਦੀਪ ਸਿੱਧੂ 15 ਫਰਵਰੀ ਦੀ ਸ਼ਾਮ ਨੂੰ ਆਪਣੀ ਮਹਿਲਾ ਮਿੱਤਰ ਰੀਨਾ ਰਾਏ ਉਰਫ਼ ਰਾਜਵਿੰਦਰ ਕੌਰ ਨਾਲ ਸਕਾਰਪੀਓ ਗੱਡੀ ਵਿੱਚ ਦਿੱਲੀ ਤੋਂ ਕੇ.ਐੱਮ.ਪੀ. ਦੇ ਰਸਤੇ ਪੰਜਾਬ ਜਾ ਰਹੇ ਸਨ। ਸੋਨੀਪਤ ਦੇ ਖਰਖੌਦਾ ਵਿੱਚ ਪੀਪਲੀ ਟੋਲ ਕੋਲ ਉਨ੍ਹਾਂ ਦੀ ਕਾਰ ਦੀ ਪਿੱਛਿਓਂ ਇੱਕ ਟਰਾਲੇ ਵਿੱਚ ਟੱਕਰ ਹੋ ਗਈ। ਹਾਦਸੇ ਵਿੱਚ ਦੀਪ ਸਿੱਧੂ ਦੀ ਮੌਤ ਹੋ ਗਈ। ਹਾਦਸੇ ਪਿੱਛੋਂ ਟਰਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ।
ਥਾਣਾ ਖਖੌਦਾ ਦੇ ਐੱਸ.ਐੱਚ.ਓ. ਜਸਪਾਲ ਸਿੰਘ ਨੇ ਦੱਸਿਆ ਕਿ ਕਾਸਿਮ ਖਾਨ ਨੇ ਗੁਨਾਹ ਮੰਨ ਲਿਆ ਸੀ ਕਿ ਉਸ ਨੇ ਟਰਾਲੇ ਨੂੰ ਅਚਾਨਕ ਤੋਂ ਬ੍ਰੇਕ ਲਗਾ ਦਿੱਤੇ ਸਨ, ਜਿਸ ਨਾਲ ਪਿੱਛੋਂ ਆ ਰਹੀ ਦੀਪ ਸਿੱਧੂ ਦੀ ਗੱਡੀ ਟਕਰਾ ਗਈ। ਹਾਦਸੇ ਤੋਂ ਬਾਅਦ ਉਹ ਬੁਰੀ ਤਰ੍ਹਾਂ ਡਰ ਗਿਆ ਸੀ ਤੇ ਮੌਕੇ ਤੋਂ ਭੱਜ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਕਾਸਿਮ ਖਾਨ ਨੂੰ ਅਗਲੇ ਦਿਨ ਪਤਾ ਲੱਗਾ ਕਿ ਮਰਨ ਵਾਲਾ ਨੌਜਵਾਨ ਕੋਈ ਆਮ ਆਦਮੀ ਨਹੀਂ, ਸਗੋਂ ਪੰਜਾਬੀ ਫਿਲਮਾਂ ਦਾ ਮਸ਼ਹੂਰ ਅਦਾਕਾਰ ਦੀਪ ਸਿੱਧੂ ਸੀ। ਉਹ ਗੁਜਰਾਤ ਦੇ ਅਹਿਮਦਾਬਾਦ ਤੋਂ ਟਰਾਲੇ ਵਿੱਚ ਕੋਲਾ ਲੋਡ ਕਰਕੇ ਯੂਪੀ ਦੇ ਮੁਜ਼ੱਫਰਨਗਰ ਜਾ ਰਿਹਾ ਸੀ ਕਿ ਰਾਹ ਵਿੱਚ ਹਾਦਸਾ ਵਾਪਰ ਗਿਆ।