ਕਿਸਾਨ ਅੰਦੋਲਨ ਦਾ ਪ੍ਰਮੁੱਖ ਚਿਹਰਾ ਬਣੇ ਬਲਬੀਰ ਸਿੰਘ ਰਾਜੇਵਾਲ ਨੂੰ ‘ਆਪ’ ਦੀ ਸੁਨਾਮੀ ਨੇ ਸਿਆਸਤ ਵਿੱਚ ਅੱਗੇ ਨਹੀਂ ਵਧਣ ਦਿੱਤਾ। ਸਮਰਾਲਾ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਕਿਸਾਨ ਆਗੂ ਅਤੇ ਸੰਯੁਕਤ ਸਮਾਜ ਮੋਰਚਾ ਦੇ ਮੁੱਖ ਮੰਤਰੀ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਆਪਣੀ ਜ਼ਮਾਨਤ ਬਚਾਉਣ ਵਿੱਚ ਵੀ ਨਾਕਾਮ ਰਹੇ।
ਰਾਜੇਵਾਲ ਨੂੰ ਕੁੱਲ 4626 ਵੋਟਾਂ ਪਈਆਂ, ਜਦਕਿ ਇਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਨੇ 30,589 ਵੋਟਾਂ ਦੇ ਫ਼ਰਕ ਨਾਲ ਇਤਿਹਾਸਕ ਜਿੱਤ ਦਰਜ ਕੀਤੀ ਹੈ।
ਚੋਣ ਨਤੀਜਿਆਂ ਤੋਂ ਬਾਅਦ ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੂਬੇ ਦੇ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਕਬੂਲ ਕਰਦੇ ਹੋਏ ਪੰਜਾਬ ਦੇ ਲੋਕਾਂ ਦੀ ਲੜਾਈ ਪਹਿਲਾਂ ਵਾਂਗ ਹੀ ਜਾਰੀ ਰਖਾਂਗਾ।
ਉਨ੍ਹਾਂ ਕਿਹਾ ਕਿ ਮੈਂ ਸੰਯੁਕਤ ਸਮਾਜ ਮੋਰਚਾ ਸੂਬੇ ਦੀ ਗੰਧਲੀ ਰਾਜਨੀਤੀ ਨੂੰ ਸਾਫ਼ ਕਰਨ ਲਈ ਹੀ ਮੈਦਾਨ ਵਿੱਚ ਨਿੱਤਰਿਆ ਸੀ, ਸਾਡੇ ਉਮੀਦਵਾਰਾਂ ਨੂੰ ਕਈ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪਿਆ ਪਰ ਫਿਰ ਵੀ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸ਼ੁਰੂ ਕੀਤੀ ਗਈ ਮੁਹਿੰਮ ਤੋਂ ਪਿੱਛੇ ਨਹੀਂ ਹਟਣਗੇ।
ਦੱਸ ਦੇਈਏ ਕਿ ਹਲਕਾ ਸਮਰਾਲਾ ਵਿਚ ਕੁੱਲ 1,32,736 ਵੋਟਾਂ ਪਈਆਂ ਜਿਸ ਵਿਚੋਂ ‘ਆਪ’ ਉਮੀਦਵਾਰ ਜਗਤਾਰ ਦਿਆਲਪੁਰਾ ਨੂੰ 57,126, ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਨੂੰ 26,537 ਅਤੇ ਕਾਂਗਰਸੀ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ 23,276 ਵੋਟਾਂ ਪਈਆਂ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਿੰਦਰ ਸਿੰਘ ਸੇਖੋਂ ਨੂੰ 8,310 ਵੋਟਾਂ ਮਿਲੀਆਂ ਅਤੇ ਕਾਂਗਰਸੀ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ, ਜਿਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ, ਨੂੰ 7,655 ਵੋਟਾਂ ਮਿਲੀਆਂ। ਭਾਜਪਾ ਗਠਜੋੜ ਦੇ ਉਮੀਦਵਾਰ ਰਣਜੀਤ ਸਿੰਘ ਜੀਤਾ ਗਹਿਲੇਵਾਲ ਨੂੰ 2,312 ਵੋਟਾਂ ਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਡਾ. ਸੋਹਣ ਲਾਲ ਬਲੱਗਣ ਨੂੰ 306 ਵੋਟਾਂ ਪਈਆਂ। ਹਲਕਾ ਸਮਰਾਲਾ ’ਚ ਵਿਧਾਨ ਸਭਾ ਚੋਣਾਂ ਦੌਰਾਨ 937 ਵੋਟਰਾਂ ਨੇ ‘ਨੋਟਾ’ ਦਾ ਬਟਨ ਦਬਾਇਆ।