ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਪੂਰੇ ਐਕਸ਼ਨ ਮੋਡ ਵਿਚ ਹਨ। ਅੱਜ ਉਨ੍ਹਾਂ ਵੱਲੋਂ ਡਾਕਟਰਾਂ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਪੰਜਾਬ ਵਿਚ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਸਰਕਾਰੀ ਡਾਕਟਰਾਂ ਨੂੰ ਸਪੱਸ਼ਟ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕੁਝ ਸਰਕਾਰੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਾਈਵੇਟ ਪ੍ਰੈਕਟਿਸ ਕਰਨੀ ਹੈ ਤਾਂ ਉਹ ਸਰਕਾਰੀ ਨੌਕਰੀ ਛੱਡ ਦੇਣ।
ਪਟਿਆਲਾ ਪਹੁੰਚੇ ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਪਾਜ਼ੀਟਿਵ ਤਰੀਕੇ ਨਾਲ ਕੰਮ ਦੀ ਸ਼ੁਰੂਆਤ ਕਰ ਰਹੇ ਹਾਂ। ਅਸੀਂ ਸਾਰੇ ਮਿਲ ਕੇ ਸਿਸਟਮ ਨੂੰ ਸੁਧਾਰਾਂਗੇ। ਉਨ੍ਹਾਂ ਕਿਹਾ ਕਿ ਡਾਕਟਰ ਪੜ੍ਹੀ ਲਿਖੀ ਜਮਾਤ ਹੈ। ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ। ਪਹਿਲਾਂ ਉਸ ਤਰ੍ਹਾਂ ਦਾ ਮਾਹੌਲ ਨਹੀਂ ਸੀ। ਉਨ੍ਹਾਂ ਨੂੰ ਉਪਰ ਪੈਸੇ ਦੇਣੇ ਪੈਂਦੇ ਸਨ। ਸਿਵਲ ਸਰਜਨ, ਡਾਇਰੈਕਟਰ ਤੇ ਮੰਤਰੀ ਨੂੰ ਪੈਸੇ ਦੇਣੇ ਪੈਂਦੇ ਸਨ। ਹੁਣ ਇਹ ਸਾਰਾ ਕੁਝ ਬੰਦ ਹੋ ਚੁੱਕਾ ਹੈ। ਇਸ ਲਈ ਹੁਣ ਸਾਰੇ ਲੋਕਾਂ ਲਈ ਸਹੀ ਤਰੀਕੇ ਨਾਲ ਕੰਮ ਕਰਨ ‘ਤੇ ਧਿਆਨ ਦਿਓ।
ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਲਈ ਸਹੀ ਕਦਮ ਚੁੱਕੇ ਜਾਣਗੇ। ਲੋਕਾਂ ਤੇ ਹਸਪਤਾਲਾਂ ਦੀ ਲੋੜ ਦੇ ਹਿਸਾਬ ਨਾਲ ਪ੍ਰਬੰਧ ਕੀਤੇ ਜਾਣਗੇ। ਹਸਪਤਾਲਾਂ ਵਿਚ ਦਵਾਈਆਂ ਤੇ ਲੈਬ ਦਾ ਇੰਤਜ਼ਾਮ ਹੋਵੇਗਾ। ਇਹ ਗੱਲ ਇਸ ਲਈ ਅਹਿਮ ਹੈ ਕਿਉਂਕਿ ਵਾਰ-ਵਾਰ ਇਹ ਸਵਾਲ ਉਠ ਰਹੇ ਸਨ ਕਿ ਹਸਪਤਾਲਾਂ ਵਿਚ ਕੋਈ ਪ੍ਰਬੰਧ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਪੇਂਡੂ ਵਿਕਾਸ ਮੰਤਰੀ ਵੱਲੋਂ ਪੰਜਾਬ ਦੇ ਸਾਰੇ ਪਿੰਡਾਂ ‘ਚ ਗ੍ਰਾਮ ਸਭਾ ਦਾ ਇਜਲਾਸ 26 ਜੂਨ ਨੂੰ ਬੁਲਾਉਣ ਦੇ ਨਿਰਦੇਸ਼
ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਸਿਹਤ ਸੇਵਾਵਾਂ ਦੇਣਾ ਸਾਡੀ ਪਹਿਲ ਹੋਵੇਗੀ। ਪੇਂਡੂ ਖੇਤਰ ਵਿਚ ਵੀ ਲੋਕਾਂ ਨੂੰ ਪਹਿਲ ਦੇ ਆਧਾਰ ‘ਤੇ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਈਆਂ ਜਾਣਗੀਆਂ। ਇਸ ਲਈ ਕਦਮ ਚੁੱਕੇ ਜਾ ਰਹੇ ਹਨ। ਅਸੀਂ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਾਂਗੇ ਕਿ ਡਾਕਟਰ ਬਿਨਾਂ ਕਿਸੇ ਡਰ ਦੇ ਵਧੀਆ ਕੰਮ ਕਰ ਸਕਣਗੇ।