ਦੋ ਸਾਲ ਆਨਲਾਈਨ ਪੜ੍ਹਾਈ ਰਹਿਣ ਤੋਂ ਬਾਅਦ ਹੁਣ ਬੱਚੇ ਸਕੂਲਾਂ ਵਿੱਚ ਆਫਲਾਈਨ ਪੜ੍ਹਾਈ ਕਰ ਰਹੇ ਹਨ। ਇਸ ਦੌਰਾਨ ਕੋਰੋਨਾ ਦੇ ਮਾਮਲੇ ਦਿੱਲੀ ਵਿੱਚ ਮੁੜ ਵਧਣ ਲੱਗੇ ਹਨ। ਇਥੇ ਦੇ ਇੱਕ ਨਿੱਜੀ ਸਕੂਲ ਦੀ ਟੀਚਰ ਤੇ ਸਟੂਡੈਂਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਰਿਪੋਰਟ ਆਉਣ ਤੋਂ ਬਾਅਦ ਕਲਾਸ ਦੇ ਹੋਰ ਵਿਦਿਆਰਥੀਆਂ ਦੀ ਅਗਲੀ ਸੂਚਨਾ ਤੱਕ ਛੁੱਟੀ ਕਰ ਦਿੱਤੀ ਗਈ ਹੈ। ਦਿੱਲੀ ਤੋਂ ਇਲਾਵਾ NCR ਦੇ ਨੋਇਡਾ ਤੇ ਗਾਜ਼ੀਆਬਾਦ ਨਾਲ ਲੱਗਦੇ ਸਕੂਲਾਂ ਵਿੱਚ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਦਿੱਲੀ ਦੇ ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੋਵਿਡ ਦੇ ਮਾਮਲੇ ਥੋੜ੍ਹੇ ਵਧੇ ਹਨ ਪਰ ਹਸਪਤਾਲ ਵਿੱਚ ਭਰਤੀ ਹੋਣ ਦੀ ਗਿਣਤੀ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ, ਇਸ ਲਈ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਘਬਰਾਉਣ ਦੀ ਨਹੀਂ, ਸਗੋਂ ਸਾਵਧਾਨ ਰਹਿਣ ਦੀ ਲੋੜ ਹੈ। ਸਾਨੂੰ ਕੋਵਿਡ ਦੇ ਨਾਲ ਰਹਿਣਾ ਸਿੱਖਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਮੈਨੂੰ ਪਿਛਲੇ ਕੁਝ ਦਿਨਾਂ ਵਿੱਚ ਸਕੂਲਾਂ ਤੋਂ ਰਿਪੋਰਟ ਮਿਲੀ ਹੈ, ਜਿਥੇ ਮਾਪਿਆਂ ਨੇ ਆਪਣੇ ਬੱਚੇ ਦੀ ਪਾਜ਼ੀਟਿਵ ਰਿਪੋਰਟ ਬਾਰੇ ਜਾਣਕਾਰੀ ਦਿੱਤੀ ਸੀ। ਸਿੱਖਿਆ ਵਿਭਾਗ ਭਲਕੇ ਇਸ ਸਬੰਧ ਵਿੱਚ ਸੂਕਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ।
ਦੱਸ ਦੇਈਏ ਕਿ ਬੁੱਧਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ 299 ਨਵੇਂ ਕੇਸ ਮਿਲੇ ਸਨ, ਇਸ ਤੋਂ ਪਹਿਲਾਂ ਮੰਗਲਵਾਰ ਨੂੰ 202 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਯਾਨੀ ਪਿਛਲੇ ਦਿਨ ਤੋਂ ਮਾਮਲੇ ਦੁੱਗਣੇ ਹੋਏ ਹਨ। ਦਿੱਲੀ ਵਿੱਚ ਹੁਣ ਮਰੀਜ਼ਾਂ ਦੀ ਗਿਣਤੀ ਵਧ ਕੇ 18,66,881 ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”