ਹਰਿਆਣਾ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ 24 ਅਪ੍ਰੈਲ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਵੇਗਾ। ਇਸ ਲਈ ਪੰਜਾਬ ਦੇ ਸੀ.ਐੱਮ. ਭਗਵੰਤ ਮਾਨ ਨੂੰ ਵੀ ਇਸ ਪ੍ਰੋਗਰਾਮ ਲਈ ਸੱਦਾ ਦਿੱਤਾ ਜਾਵੇਗਾ। ਇਸੇ ਨੂੰ ਲੈ ਕੇ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਜਲ ਹਰਿਆਣਾ ਲਿਆਇਆ ਗਿਆ। ਇਸ ਦੇ ਲਈ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਦੀ ਅਗਵਾਈ ਵਿੱਚ ਟੀਮ ਪਹਿਲਾਂ ਗੋਲਡਨ ਟੈਂਪਲ ਨਤਮਸਤਕ ਹੋਈ ਤੇ ਫਿਰ ਸ਼ਹਿਰ ਵਿੱਚ ਆਯੋਜਿਤ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮ ਦਾ ਸੱਦਾ ਸ੍ਰੀ ਦਰਬਾਰ ਸਾਹਿਬ ਵਿੱਚ ਹੋਈ। ਉਨ੍ਹਾਂ ਨਾਲ ਕਰਨਾਲ ਦੇ ਸਾਂਸਦ ਸੰਜੇ ਭਾਟੀਆ ਤੇ ਮੁੱਖ ਮੰਤਰੀ ਦੇ ਅਡੀਸ਼ਨਲ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਵੀ ਸਨ।
ਖੇਡ ਮੰਤਰੀ ਸੰਦੀਪ ਸਿੰਘ ਨੇ ਦੱਸਿਆ ਕਿ 24 ਅਪ੍ਰੈਲ ਨੂੰ ਸੈਕਟਰ 13-17 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਵੇਗਾ। ਇਸ ਦੇ ਲਈ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਜਲ ਲੈਣ ਹਰਿਆਣਾ ਸਰਕਾਰ ਦੀ ਟੀਮ ਪਹੁੰਚੀ ਹੈ। ਇਹ ਉਨ੍ਹਾਂ ਲਈ ਬਹੁਤ ਖੁਸ਼ਕਿਮਤੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਇਸ ਪਵਿੱਤਰ ਜਲ ਨੂੰ ਲੈ ਕੇ ਜਾਣ ਦਾ ਮੌਕਾ ਮਿਲ ਰਿਹਾ ਹੈ। ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸੀ.ਐੱਮ. ਭਗਵੰਤ ਮਾਨ ਨੂੰ ਵੀ ਪ੍ਰੋਗਰਾਮ ਲਈ ਸੱਦਾ ਦਿੱਤਾ ਜਾਵੇਗਾ।
ਖੇਡ ਮੰਤਰੀ ਨਾਲ ਆਏ ਸਾਂਸਦ ਸੰਜੇ ਨੇ ਕਿਹਾ ਕਿ ਉਹ ਇਸ ਪਵਿੱਤਰ ਪੁਰਬ ਲਈ ਸਰਕਾਰ ਵੱਲੋਂ ਸਮੁੱਚੀ ਪੰਜਾਬ ਦੀ ਸੰਗਤ ਨੂੰ ਸੱਦਾ ਦੇਣ ਲਈ ਸ੍ਰੀ ਦਰਬਾਰ ਸਾਹਿਬ ਗਏ। ਪ੍ਰਕਾਸ਼ ਪੁਰਬ ਮੌਕੇ ਪੁੱਜਣ ਵਾਲੇ ਪਤਵੰਤਿਆਂ ਨੂੰ ਯਾਦਗਾਰ ਵਜੋਂ ਸ੍ਰੀ ਦਰਬਾਰ ਸਾਹਿਬ ਤੋਂ ਲਿਜਾਇਆ ਗਿਆ ਪਵਿੱਤਰ ਜਲ ਵੀ ਦਿੱਤਾ ਜਾਵੇਗਾ।
ਇਥੇ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਹਰਿਆਣਾ ਤੋਂ ਇਹ ਟੀਮ ਗੁਰੂ ਤੇਗ ਬਹਾਦਰ ਜੀ ਦੇ ਜਨਮ ਅਸਥਾਨ ਗੁਰੂ ਕੇ ਮਹਿਲ ਗੁਰਦੁਆਰਾ ਵੀ ਪਹੁੰਚੀ। ਇੱਥੇ ਸਾਰਿਆਂ ਨੇ ਗੁਰੂਦੁਆਰਾ ਸਾਹਿਬ ‘ਚ ਮੱਥਾ ਟੇਕਿਆ ਅਤੇ ਸੂਬੇ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ।
ਦੱਸ ਦੇਈਏ ਕਿ 400ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਵ ਪ੍ਰਸਿੱਧ ਰਾਗੀ ਤੇ ਢਾਡੀ ਵੀ ਪੁੱਜਣਗੇ। ਪੰਥ ਦੇ ਸਿਰਮੌਰ ਰਾਗੀ ਭਾਈ ਚਮਨਜੀਤ ਸਿੰਘ ਲਾਲ, ਭਾਈ ਬਲਵਿੰਦਰ ਸਿੰਘ ਰੰਗੀਲਾ, ਭਾਈ ਦਵਿੰਦਰ ਸਿੰਘ ਸੋਢੀ, ਭਾਈ ਗਗਨਦੀਪ ਸਿੰਘ ਸ੍ਰੀ ਗੰਗਾਨਗਰ ਵਾਲੇ ਹਾਜ਼ਰੀ ਭਰਨਗੇ। ਇਸ ਦੇ ਨਾਲ ਹੀ ਢਾਡੀ ਭਾਈ ਨਿਰਮਲ ਸਿੰਘ ਨੂਰ ਵੀ ਪਹੁੰਚ ਕੇ ਅੰਮ੍ਰਿਤਮਈ ਕੀਰਤਨ, ਗੁਰਮਤ ਪ੍ਰਵਚਨ ਕਰਕੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਨਿਹਾਲ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਸ ਸਮਾਗਮ ਲਈ 60 ਏਕੜ ਤੋਂ ਵੱਧ ਜਗ੍ਹਾ ਵਿੱਚ ਮੰਚ ਤੇ ਸੰਗਤਾਂ ਦੇ ਬੈਠਣ ਲਈ ਜਗ੍ਹਾ ਤਿਆਰ ਕੀਤੀ ਗਈ ਹੈ। ਇਸ ਪ੍ਰੋਗਰਾਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਚੱਲੇਗਾ। ਲੰਗਰ ਦੀ ਸੇਵਾ ਸੰਤ-ਮਹਾਪੁਰਸ਼ ਅਤੇ ਖੇਤਰੀ ਕੰਪਨੀ ਵੱਲੋਂ ਕੀਤੀ ਜਾਵੇਗੀ। ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਸੰਤ ਸਮਾਜ ਅਤੇ ਹੋਰ ਸੰਸਥਾਵਾਂ ਲਗਾਤਾਰ ਕੰਮ ਕਰ ਰਹੀਆਂ ਹਨ।