ਯੂਕਰੇਨ ਨਾਲ ਲੰਮੀ ਖਿੱਚਦੀ ਜੰਗ ਨਾਲ ਰੂਸ ਭੜਕਿਆ ਪਿਆ ਹੈ। ਉਸ ਨੇ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਹੁਣ ਖਬਰ ਹੈ ਕਿ ਉਹ ਯੂਕਰੇਨ ‘ਚ ਆਪਣੇ ਫੌਜੀਆਂ ਦੀ ਗਿਣਤੀ ਵਧਾਉਣ ਲਈ ਬੱਚਿਆਂ ਦਾ ਇਸਤੇਮਾਲ ਕਰ ਰਿਹਾ ਹੈ।
ਮਨੁੱਖੀ ਅਧਿਕਾਰ ਸੰਗਠਨ ਦਾ ਦਾਅਵਾ ਹੈ ਕਿ ਇਸ ਜੰਗ ਵਿਚ ਰੂਸੀ ਸੈਨਿਕਾਂ ਦੀ ਵੱਡੀ ਗਿਣਤੀ ‘ਚ ਮੌਤਾਂ ਹੋਈਆਂ ਹਨ। ਅਜਿਹੇ ‘ਚ ਰੂਸ ਆਪਣੀ ਕਮੀ ਨੂੰ ਪੂਰਾ ਕਰਨ ਲਈ ਬੱਚਿਆਂ ਦੀ ਭਰਤੀ ਕਰ ਰਿਹਾ ਹੈ।
ਇੱਕ ਰਿਪੋਰਟ ਮੁਤਾਬਕ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਨੇ ਦੋਸ਼ ਲਾਇਆ ਹੈ ਕਿ ਰੂਸ 16 ਸਾਲ ਦੇ ਬੱਚਿਆਂ ਨੂੰ ਫੌਜ ‘ਚ ਭਰਤੀ ਕਰ ਰਿਹਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਕ੍ਰੇਮਲਿਨ ਪੂਰਬੀ ਯੂਕਰੇਨ ਵਿਚ ਆਪਣੀ ਫੌਜ ਵਧਾਉਣ ਲਈ ਬੱਚਿਆਂ ਦੀ ਭਰਤੀ ਕਰ ਰਿਹਾ ਹੈ। ਉਸ ਦੀ ਲਗਭਗ 30,000 ਬੱਚਿਆਂ ਨੂੰ ਭਰਤੀ ਕਰਨ ਦੀ ਤਿਆਰੀ ਹੈ, ਕਿਉਂਕਿ ਉਸ ਦੇ ਇੰਨੇ ਹੀ ਸਿਪਾਹੀ ਜੰਗ ਕਰਕੇ ਪ੍ਰਭਾਵਿਤ ਹੋਏ ਹਨ।
ਇਸ ਦੇ ਨਾਲ ਹੀ ਯੂਕਰੇਨ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਫੌਜ ਵਿੱਚ ਭਰਤੀ ਕਰਨਾ ਜਿਨੇਵਾ ਕਨਵੈਨਸ਼ਨ ਦੀ ਉਲੰਘਣਾ ਹੈ। ਯੂਕਰੇਨ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਮਨੁੱਖੀ ਅਧਿਕਾਰ ਸੰਗਠਨ ਦਾ ਦੋਸ਼ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਜੰਗ ਦੇ ਮੈਦਾਨ ਵਿੱਚ ਭੇਜਿਆ ਜਾਵੇਗਾ। ਟ੍ਰੇਨਿੰਗ ‘ਚ ਉਨ੍ਹਾਂ ਨੂੰ ਹਥਿਆਰ ਚਲਾਉਣ ਤੋਂ ਲੈ ਕੇ ਮਿਲਟਰੀ ਅਤੇ ਡਿਫੈਂਸ ਤਕਨੀਕ ਤੱਕ ਸਿਖਾਈ ਜਾ ਰਹੀ ਹੈ।
ਇਨ੍ਹਾਂ ਸੰਗਠਨਾਂ ਨੂੰ ਡਰ ਹੈ ਕਿ ਸ਼ਾਇਦ ਕੁਝ ਬੱਚਿਆਂ ਨੂੰ ਰੂਸ ਨੇ ਪਹਿਲਾਂ ਹੀ ਜੰਗ ਦੇ ਮੈਦਾਨ ਵਿਚ ਭੇਜ ਦਿੱਤਾ ਹੈ ਅਤੇ ਉਨ੍ਹਾਂ ਦੀ ਮੌਤ ਹੋ ਗਈ ਹੈ। ਇਕ ਰਿਪੋਰਟ ਮੁਤਾਬਕ ਕਈ ਅਜਿਹੇ ਫੌਜੀ ਵੀ ਜੰਗ ਦੇ ਮੈਦਾਨ ‘ਚ ਨਜ਼ਰ ਆਏ ਹਨ, ਜਿਨ੍ਹਾਂ ਨੂੰ ਜੰਗੀ ਖੇਤਰਾਂ ‘ਚ ਤਾਇਨਾਤ ਨਹੀਂ ਕੀਤਾ ਜਾਣਾ ਚਾਹੀਦਾ ਸੀ। ਦੂਜੇ ਪਾਸੇ ਯੂਕਰੇਨ ਦੀ ਸੰਸਦ ਵਿੱਚ ਮਨੁੱਖੀ ਅਧਿਕਾਰਾਂ ਦੀ ਕਮਿਸ਼ਨਰ ਲਿਊਡਮਿਲਾ ਡੇਨੀਸੋਵਾ ਨੇ ਕਿਹਾ ਕਿ ਬੱਚੇ ਫੌਜੀ ਟ੍ਰੇਨਿੰਗ ਲੈ ਰਹੇ ਹਨ। ਇਸ ਦੌਰਾਨ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਰੂਸ ਫੌਜ ਵਿੱਚ ਬੱਚਿਆਂ ਦੀ ਭਰਤੀ ਨੂੰ ਉਤਸ਼ਾਹਿਤ ਕਰ ਰਿਹਾ ਹੈ, ਜੋ 1949 ਦੇ ਜਿਨੇਵਾ ਕਨਵੈਨਸ਼ਨ ਦੇ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਅਤੇ ਇਸਦੀ ਜਾਂਚ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਸ ਤੋਂ ਪਹਿਲਾਂ ਰੂਸੀ ਸੈਨਿਕਾਂ ‘ਤੇ ਬੱਚਿਆਂ ਨੂੰ ਮਨੁੱਖੀ ਢਾਲ ਵਜੋਂ ਵਰਤਣ ਦੇ ਦੋਸ਼ ਲੱਗੇ ਸਨ। ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਦੁਸ਼ਮਣ ਆਪਣੇ ਕਾਫਲੇ ਨੂੰ ਵਾਪਸ ਲਿਜਾਣ ਵੇਲੇ ਯੂਕਰੇਨੀ ਬੱਚਿਆਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਿਹਾ ਸੀ। ਰੂਸੀ ਫੌਜੀ ਅਜਿਹਾ ਇਸ ਲਈ ਕਰ ਰਹੇ ਹਨ, ਤਾਂ ਕਿ ਬੱਚਿਆਂ ਦੇ ਮਾਪੇ ਉਨ੍ਹਾਂ ਦੀ ਜਾਣਕਾਰੀ ਯੂਕਰੇਨੀ ਫੌਜੀਆਂ ਨੂੰ ਨਾ ਦੇ ਸਕਣ। ਇਸ ਤੋਂ ਇਲਾਵਾ ਰੂਸੀ ਫ਼ੌਜੀਆਂ ‘ਤੇ ਲੁੱਟ-ਖੋਹ ਅਤੇ ਬਲਾਤਕਾਰ ਦੇ ਵੀ ਦੋਸ਼ ਲੱਗੇ ਹਨ।