ਪਾਕਿਸਤਾਨ ‘ਚ ਇਮਰਾਨ ਖਾਨ ਦੀ ਸਰਕਾਰ ਡਿੱਗਣ ਤੋਂ ਬਾਅਦ ਵੀ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰਾਸ਼ਟਰਪਤੀ ਆਰਿਫ ਅਲਵੀ ਦੀ ਗੈਰ-ਮੌਜੂਦਗੀ ਵਿੱਚ ਸ਼ਹਿਬਾਜ਼ ਸ਼ਰੀਫ਼ ਦੀ ਕੈਬਨਿਟ ਦੇ 31 ਕੈਬਨਿਟ ਮੰਤਰੀਆਂ ਅਤੇ 3 ਰਾਜ ਮੰਤਰੀਆਂ ਨੇ ਇੱਥੇ ਸਹੁੰ ਚੁੱਕੀ।
ਮੰਗਲਵਾਰ ਨੂੰ ਰਾਸ਼ਟਰਪਤੀ ਆਰਿਫ ਅਲਵੀ ਬੀਮਾਰੀ ਹੋਣ ਕਰਕੇ ਛੁੱਟੀ ‘ਤੇ ਚਲੇ ਗਏ ਸਨ। ਖਾਸ ਗੱਲ ਇਹ ਹੈ ਕਿ ਅਲਵੀ ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਵੀ ਸਹੁੰ ਨਹੀਂ ਚੁਕਾਈ ਸੀ। ਅਲਵੀ ਇਮਰਾਨ ਦੇ ਕਰੀਬੀ ਦੋਸਤ ਹਨ। ਇਸ ਤੋਂ ਬਾਅਦ ਸੈਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ ਨੇ 3 ਸਲਾਹਕਾਰਾਂ ਸਮੇਤ ਇਨ੍ਹਾਂ 34 ਮੰਤਰੀਆਂ ਨੂੰ ਸਹੁੰ ਚੁਕਾਈ। ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਆਰਿਫ਼ ਅਲਵੀ ਵੱਲੋਂ ਨਵੀਂ ਕੈਬਨਿਟ ਦੀ ਸਹੁੰ ਚੁੱਕਣ ਤੋਂ ਇਨਕਾਰ ਕਰਨ ਨੂੰ ਲੈ ਕੇ ਵੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਨੇ ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਸਹੁੰ ਚੁਕਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਭਵਨ ਨੇ ਦੱਸਿਆ ਹੈ ਕਿ ਅਲਵੀ ਦੀ ਸਿਹਤ ਠੀਕ ਨਹੀਂ ਹੈ, ਜਿਸ ਕਰਕੇ ਉਹ ਛੁੱਟੀ ‘ਤੇ ਚਲੇ ਗਏ ਹਨ।
ਸ਼ਹਿਬਾਜ਼ ਸ਼ਰੀਫ ਨੇ 31 ਕੈਬਨਿਟ ਅਤੇ 3 ਰਾਜ ਮੰਤਰੀ ਬਣਾਏ, 3 ਸਲਾਹਕਾਰ ਬਣਾਏ, ਪਰ ਬਿਲਾਵਲ ਭੁੱਟੋ ਨੂੰ ਮੰਤਰੀ ਨਹੀਂ ਬਣਾਇਆ ਗਿਆ। ਹਾਲਾਂਕਿ ਉਨ੍ਹਾਂ ਦੀ ਪਾਰਟੀ ਦੇ 9 ਸੰਸਦ ਮੈਂਬਰਾਂ ਨੂੰ ਮੰਤਰੀ ਬਣਾਇਆ ਗਿਆ ਹੈ। 20 ਸੰਸਦ ਮੈਂਬਰ ਪਹਿਲੀ ਵਾਰ ਮੰਤਰੀ ਬਣੇ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਪਾਕਿਸਤਾਨ ਦੇ ਰਾਸ਼ਟਰਪਤੀ ਅਲਵੀ ਸ਼ਹਿਬਾਜ਼ ਸ਼ਰੀਫ਼ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਬੀਮਾਰ ਹੋ ਗਏ ਸਨ। ਪਾਕਿਸਤਾਨ ‘ਚ 10 ਅਪ੍ਰੈਲ ਨੂੰ ਇਮਰਾਨ ਦੀ ਸਰਕਾਰ ਡਿੱਗਣ ਤੋਂ ਬਾਅਦ ਸ਼ਹਿਬਾਜ਼ ਨੂੰ ਅਗਲੇ ਦਿਨ ਰਾਸ਼ਟਰਪਤੀ ਭਵਨ ‘ਚ ਸਹੁੰ ਚੁਕਾਈ ਜਾਣੀ ਸੀ ਪਰ ਰਾਸ਼ਟਰਪਤੀ ਅਰਾਮ ਦੇ ਨਾਂ ‘ਤੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਨਹੀਂ ਹੋਏ। ਇਸ ਤੋਂ ਬਾਅਦ ਸੈਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ ਨੇ ਸ਼ਹਿਬਾਜ਼ ਸ਼ਰੀਫ ਨੂੰ ਸਹੁੰ ਚੁਕਾਈ।