ਜੱਜਾਂ ਕਲਾਂ (ਫਿਲੌਰ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਪਿੰਡ ਜੱਜਾਂ ਕਲਾਂ ਵਿਖੇ ਪੰਜ ਲਾਭਪਾਤਰੀਆਂ ਨੂੰ ਰਜਿਸਟ੍ਰੇਸ਼ਨ ਦੇ ਕਾਗਜ਼ ਸੌਂਪ ਕੇ ਗਰੀਬ ਪਰਿਵਾਰਾਂ ਨੂੰ 44 ਰਿਹਾਇਸ਼ੀ ਪਲਾਟਾਂ ਦੀ ਵੰਡ ਦੀ ਸ਼ੁਰੂਆਤ ਕੀਤੀ ਗਈ।
ਪਿੰਡ ਦੇ ਸਰਪੰਚ ਅਮਰੀਕ ਸਿੰਘ ਸਾਧੂ ਵੱਲੋਂ 132 ਮਰਲੇ ਜ਼ਮੀਨ ਦਾਨ ਕਰਕੇ ਇਸ ਨੇਕ ਕਾਰਜ ਦੀ ਸ਼ੁਰੂਆਤ ਕਰਨ ਦੀ ਸ਼ਲਾਘਾ ਕਰਦਿਆਂ ਸਪੀਕਰ ਨੇ ਕਿਹਾ ਕਿ ਇਸ ਉਪਰਾਲੇ ਸਦਕਾ ਇਨ੍ਹਾਂ 44 ਬੇਜ਼ਮੀਨੇ ਪਰਿਵਾਰਾਂ ਨੂੰ ਆਪਣੇ ਘਰ ਦਾ ਸੁਪਨਾ ਸਾਕਾਰ ਕਰਨ ਵਿੱਚ ਮਦਦ ਮਿਲੇਗੀ ਅਤੇ ਹਰੇਕ ਪਰਿਵਾਰ ਨੂੰ ਤਿੰਨ ਮਰਲੇ ਦਾ ਪਲਾਟ ਮਿਲੇਗਾ । ਉਨ੍ਹਾਂ ਕਿਹਾ ਕਿ ਇਹ ਕਦਮ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਵਿੱਚ ਯੋਗਦਾਨ ਪਾਉਣ ਲਈ ਹੋਰਨਾਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦਗਾਰ ਸਾਬਿਤ ਹੋਵੇਗਾ। ਉਨ੍ਹਾਂ ਭਲਾਈ ਕਾਲਜਾਂ ਵਿੱਚ ਸ਼ਾਮਲ ਪ੍ਰਵਾਸੀ ਭਾਰਤੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਪੰਜਾਬ ਨੂੰ ਮੁੜ ਰੰਗਲਾ ਸੂਬਾ ਬਣਾਉਣ ਲਈ ਸੂਬਾ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਸਪੀਕਰ ਨੇ ਸੂਬਾ ਸਰਕਾਰ ਵੱਲੋਂ ਇਸ ਨੇਕ ਕਾਰਜ ਵਿੱਚ ਪਿੰਡ ਦੀ ਪੰਚਾਇਤ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਸ ਮੌਕੇ ‘ਆਪ’ ਆਗੂ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਸੂਬਾ ਸਰਕਾਰ ਦੀ ਰਿਹਾਇਸ਼ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ 1.50 ਲੱਖ ਰੁਪਏ ਦੇ ਫੰਡ ਮੁਹੱਈਆ ਕਰਵਾ ਕੇ ਇਸ ਉਪਰਾਲੇ ਨੂੰ ਹੋਰ ਅੱਗੇ ਵਧਾਇਆ ਜਾਵੇਗਾ ਤਾਂ ਜੋ ਇਹ ਪਰਿਵਾਰ ਇਸ ਅਲਾਟ ਕੀਤੀ ਜ਼ਮੀਨ ‘ਤੇ ਆਪਣੇ ਘਰ ਬਣਾ ਸਕਣ। ਇਸ ਦੌਰਾਨ ਸਪੀਕਰ ਵੱਲੋਂ ਸਰਪੰਚ ਅਤੇ ਹੋਰ ਪਤਵੰਤਿਆਂ ਦੇ ਨਾਲ ਪੰਜ ਲਾਭਪਾਤਰੀਆਂ ਬਲਜਿੰਦਰ ਕੌਰ, ਕੁਲਵਿੰਦਰ ਕੌਰ, ਸਵਿੱਤਰੀ, ਚਰਨਜੀਤ ਕੌਰ ਅਤੇ ਕੁਲਵਿੰਦਰ ਕੌਰ ਨੂੰ ਰਜਿਸਟ੍ਰੇਸ਼ਨ ਦੇ ਕਾਗਜ਼ ਸੌਂਪੇ ਗਏ।
ਇਹ ਵੀ ਪੜ੍ਹੋ : ਸਾਬਕਾ ਕਾਂਗਰਸ ਪ੍ਰਧਾਨ ਜਾਖੜ ਨੇ ਹਾਈਕਮਾਨ ਵੱਲੋਂ ਭੇਜੇ ਨੋਟਿਸ ਦਾ ਨਹੀਂ ਦਿੱਤਾ ਜਵਾਬ, ਹੋਵੇਗੀ ਸਖਤ ਕਾਰਵਾਈ
ਇਸ ਮੌਕੇ ਪਿੰਡ ਦੀ ਪੰਚਾਇਤ ਦੇ ਵਫ਼ਦ ਨੇ ਸਪੀਕਰ ਨੂੰ ਮੰਗ ਪੱਤਰ ਸੌਂਪਿਆ, ਜਿਸ ’ਤੇ ਸੰਧਵਾਂ ਨੇ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ’ਤੇ ਜਲਦੀ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ, ਐਸ.ਡੀ.ਐਮ ਫਿਲੌਰ ਅਮਰਿੰਦਰ ਸਿੰਘ ਮੱਲ੍ਹੀ, ‘ਆਪ’ ਆਗੂ ਪ੍ਰਿੰਸੀਪਲ ਪ੍ਰੇਮ ਕੁਮਾਰ, ‘ਆਪ’ ਦੇ ਬੁਲਾਰੇ ਅਹਿਬਾਬ ਸਿੰਘ ਗਰੇਵਾਲ, ਗੁਰਜੀਤ ਸਿੰਘ ਗਿੱਲ, ਜਲੰਧਰ ਲੋਕ ਸਭਾ ਇੰਚਾਰਜ ‘ਆਪ’ ਕੇਵਲ ਸਿੰਘ, ਅਸ਼ੋਕ ਸ਼ਰਮਾ, ਮਨੀ ਧਾਲੀਵਾਲ ਅਤੇ ਗੁਰਪ੍ਰੀਤ ਸਿੰਘ ਗੋਗਾ ਮੌਜੂਦ ਸਨ।