ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਾਂਗਰਸ ਹਾਈਕਮਾਂਡ ਅੱਗੇ ਨਹੀਂ ਝੁਕਣਗੇ। ਉਨ੍ਹਾਂ ਨੂੰ ਹਾਈਕਮਾਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।
ਜਾਖੜ ਨੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇਕ ਖਬਰ ਸਾਂਝੀ ਕੀਤੀ ਹੈ। ਜਿਸ ਵਿੱਚ ਜਾਖੜ ਦੇ ਹਵਾਲੇ ਨਾਲ ਸਾਰੀ ਗੱਲਾਂ ਨੂੰ ਜ਼ਾਹਰ ਕੀਤਾ ਗਿਆ ਹੈ। ਇਸ ਵਿੱਚ ਸਪੱਸ਼ਟ ਹੈ ਕਿ ਜਾਖੜ ਨੂੰ ਇਹ ਨੋਟਿਸ ਇੱਕ ਮਹਿਲਾ ਕਾਂਗਰਸੀ ਆਗੂ ਦੇ ਦਬਾਅ ਹੇਠ ਭੇਜਿਆ ਗਿਆ ਸੀ। ਇਸ ਲਈ ਅੰਬਿਕਾ ਸੋਨੀ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਸੁਨੀਲ ਜਾਖੜ ‘ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਲੱਗੇ ਸਨ। ਹਾਲਾਂਕਿ ਜਾਖੜ ਇਸ ਗੱਲ ਤੋਂ ਨਾਰਾਜ਼ ਹਨ ਕਿ ਕਾਂਗਰਸ ਹਾਈਕਮਾਨ ਨੂੰ ਉਨ੍ਹਾਂ ਨਾਲ ਪਹਿਲਾਂ ਗੱਲ ਕਰਨੀ ਚਾਹੀਦੀ ਸੀ। ਇਸ ਦੀ ਬਜਾਏ ਉਨ੍ਹਾਂ ਨੂੰ ਸਿੱਧਾ ਨੋਟਿਸ ਭੇਜ ਦਿੱਤਾ ਗਿਆ। ਜਾਖੜ ਦੇ ਰਵੱਈਏ ਤੋਂ ਸਾਫ ਹੈ ਕਿ ਹੁਣ ਉਹ ਨੋਟਿਸ ਦਾ ਜਵਾਬ ਦੇਣ ਦੀ ਬਜਾਏ ਕਾਂਗਰਸ ਹਾਈਕਮਾਨ ‘ਤੇ ਹਮਲਾ ਕਰ ਸਕਦੇ ਹਨ।
ਜਾਖੜ ਦਾ ਤਰਕ ਹੈ ਕਿ ਉਨ੍ਹਾਂ ਨੂੰ ਹਰ ਚੰਗੇ-ਮਾੜੇ ਸਮੇਂ ਵਿਚ ਪਾਰਟੀ ਦੇ ਨਾਲ ਰਹਿਣਾ ਚਾਹੀਦਾ ਹੈ। ਚੋਣਾਂ ਵਿੱਚ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਆਗੂਆਂ ਖ਼ਿਲਾਫ਼ ਹਾਈਕਮਾਨ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਸ ਤੋਂ ਪਹਿਲਾਂ ਸੁਨੀਲ ਜਾਖੜ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਚੁੱਕੇ ਹਨ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵੀ ਨਹੀਂ ਲੜੀਆਂ ਸਨ। ਜਾਖੜ ਇਸ ਗੱਲ ਤੋਂ ਨਾਰਾਜ਼ ਸਨ ਕਿ ਉਨ੍ਹਾਂ ਨੂੰ ਪਹਿਲਾਂ ਬਿਨਾਂ ਕਿਸੇ ਕਾਰਨ ਹਟਾ ਕੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ। ਫਿਰ ਉਹ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਸਿਰਫ਼ ਇਸ ਲਈ ਮੁੱਖ ਮੰਤਰੀ ਨਹੀਂ ਬਣ ਸਕੇ ਕਿਉਂਕਿ ਉਹ ਹਿੰਦੂ ਹਨ। ਇਸ ਵਿਵਾਦ ਦਾ ਕਾਰਨ ਅੰਬਿਕਾ ਸੋਨੀ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਦਾ ਸੀਐੱਮ ਸਿੱਖ ਭਾਈਚਾਰੇ ਵਿੱਚੋਂ ਹੋਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦੂਜੇ ਪਾਸੇ ਕਾਂਗਰਸ ਦੇ ਜਨਰਲ ਸਕੱਤਰ ਤਾਰਿਕ ਅਨਵਰ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਇਹ ਸਮਾਂ ਬੀਤ ਚੁੱਕਾ ਹੈ। ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਇੱਕ-ਦੋ ਦਿਨਾਂ ਵਿੱਚ ਹੋਵੇਗੀ। ਜੋ ਵੀ ਸੰਵਿਧਾਨਕ ਕਨਵੈਨਸ਼ਨ ਹੈ, ਉਸ ਮੁਤਾਬਕ ਹੀ ਕਾਰਵਾਈ ਕੀਤੀ ਜਾਵੇਗੀ। ਕਮੇਟੀ ਇਸ ਬਾਰੇ ਅੰਤਿਮ ਫੈਸਲਾ ਲਵੇਗੀ ਕਿ ਉਨ੍ਹਾਂ ਨੂੰ ਕਾਂਗਰਸ ਵਿੱਚੋਂ ਸਸਪੈਂਡ ਕੀਤਾ ਜਾਵੇਗਾ, ਕੱਢਿਆ ਜਾਵੇਗਾ ਜਾਂ ਨੋਟਿਸ ਦਿੱਤਾ ਜਾਵੇਗਾ।