ਕਿਰਤੀ ਕਿਸਾਨਾਂ ਦੀ ਰੋਹ ਭਰੀ ਆਵਾਜ਼ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਦੀ ਜਨਮ ਵਰ੍ਹੇਗੰਢ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਕਵੀ ਦੀ ਇੱਕ ਕਵਿਤਾ ਦੀਆਂ ਦੋ ਸਤਰਾਂ ਲਿਖਦਿਆਂ ਉਨ੍ਹਾਂ ਨੂੰ ਪੰਜਾਬ ਦੇ ਕੰਮੀਆਂ ਦੇ ਵਿਹੜੇ ਦਾ ਮਘਦਾ ਸੂਰਜ ਕਿਹਾ।
ਸੀ.ਐੱਮ. ਮਾਨ ਨੇ ਲਿਖਿਆ ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ
ਪੰਜਾਬ ਦੇ ਕੰਮੀਆਂ ਦੇ ਵਿਹੜੇ ਦੇ ਮਘਦੇ ਸੂਰਜ, ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਜੀ ਨੂੰ ਉਹਨਾਂ ਦੇ ਜਨਮ ਦਿਵਸ ‘ਤੇ ਸ਼ਰਧਾਂਜਲੀ ਭੇਟ ਕਰਦੇ ਹਾਂ।
ਦੱਸ ਦੇਈਏ ਕਿ ਕਵੀ ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਰਾਏਸਰ, ਬਰਨਾਲਾ ਵਿਖੇ ਇਕ ਗਰੀਬ ਪਰਿਵਾਰ ਵਿੱਚ ਹੋਇਆ। ਉਹ ਦੇਸ਼ ਭਗਤ, ਕਮਿਊਨਿਸਟ, ਸੱਚਾ ਲੋਕ ਦਰਦੀ ਕਵੀ, ਗੀਤਕਾਰ ਤੇ ਗਾਇਕ ਸਨ। ਇਕ ਅਤਿ ਗਰੀਬ, ਦਲਿਤ ਪਰਿਵਾਰ ਵਿੱਚ ਜੰਮੇ ਉਦਾਸੀ ਨੂੰ ਬਾਲਪੁਣੇ ਤੋਂ ਸਿਰਫ ਆਰਥਿਕ ਔਕੜਾਂ ਦਾ ਹੀ ਸਾਹਮਣਾ ਨਹੀਂ ਕਰਨਾ ਪਿਆ, ਸਗੋਂ ਜਾਤੀ ਭੇਦ ਅਤੇ ਛੂਤਛਾਤ ਦੇ ਤਿੱਖੇ ਸਮਾਜੀ ਡੰਗਾਂ ਨੂੰ ਵੀ ਜਰਨਾ ਪਿਆ, ਅੰਤਾਂ ਦੀਆਂ ਦੁਸ਼ਾਵਰੀਆਂ ਦੇ ਬਾਵਜੂਦ ਆਪਣੀ ਜ਼ਿੰਦਗੀ ਦੀ ਵਾਗ ਹੱਥੋਂ ਖਿਸਕਣ ਨਹੀਂ ਦਿੱਤੀ।
ਉਹ ਉਹਨਾਂ ਗਿਣੇ ਚੁਣੇ ਲੋਕਾਂ ‘ਚੋਂ ਸੀ, ਜੋ ਸਮੇਂ ਦੀ ਉਂਗਲੀ ਲਾ ਕੇ ਤੁਰਦੇ ਸਨ। ਜਦੋਂ ਉਹ ਬਿਨਾਂ ਸਾਜ਼ਾਂ ਤੋਂ ਆਪਣੀ ਕਮਾਈ ਹੋਈ ਆਵਾਜ਼ ਨਾਲ ਗਾਉਂਦੇ ਤਾਂ ਸਰੋਤਿਆਂ ਵਿੱਚ ਜੋਸ਼, ਸਨਸਨੀ ਤੇ ਜਮਾਤੀ ਨਫਰਤ ਦੀਆਂ ਤੇਜ ਤਰੰਗਾਂ ਛੇੜ ਦਿੰਦੇ। ਉਨ੍ਹਾਂ ਨੇ ਸ਼ਲਾਖੋਵ, ਗੋਰਕੀ, ਜੂਲੀਅਸ ਫਿਉਚਿਕ ਆਦਿ ਨੂੰ ਪੜਿਆ ਤੇ ਜਸਵੰਤ ਕੰਵਲ, ਸੰਤੋਖ ਸਿੰਘ ਧੀਰ, ਮੋਹਨ ਸਿੰਘ ਤੋਂ ਪ੍ਰਭਾਵਤ ਹੋ ਕੇ ਕਵਿਤਾਵਾਂ ਤੇ ਗੀਤ ਲਿਖਣੇ ਸ਼ੁਰੂ ਕੀਤੇ। 6 ਨਵੰਬਰ 1986 ਨੂੰ ਸਦਾ ਲਈ ਉਹ ਆਪਣੀ ਆਵਾਜ਼ ਵਿਚ ਗੀਤਾਂ ਦਾ ਕੀਮਤੀ ਸਰਮਾਇਆ ਛੱਡ ਕੇ ਦੁਨੀਆ ਨੂੰ ਅਲਵਿਦਾ ਆਖ ਗਏ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
‘ਮਾਂ ਧਰਤੀਏ ਤੇਰੀ ਗੋਦ ਨੂੰ’ ਉਨ੍ਹਾਂ ਦੀ ਇੱਕ ਮਸ਼ਹੂਰ ਕਵਿਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਦੇਸ਼ ਹੈ ਪਿਆਰਾ ਸਾਨੂੰ ਜਿੰਦਗੀ ਪਿਆਰੀ ਨਾਲੋਂ’, ਮਾਲਾ ‘ਚ ਕਰਾਮਾਤ ਨਾ, ਇਕ ਤਲਵਾਰ ਮੇਰੀ ਡੋਲੀ ਵਿਚ ਰੱਖ ਦਿਉ, ਜੋ ਤੇਰੀ ਦਸਤਾਰ ਨੂੰ ਪੈਂਦੇ, ਲੋਕੀ ਕਹਿੰਦੇ ਪੁੱਤ ਬਿਨਾ ਜਗ ‘ਚ ਮਿਲਾਪ ਨੀ, ਲੋਕੋ ਬਾਜ ਆ ਜਾਉ ਝੂਠੇ ਲੀਡਰਾਂ ਤੋਂ ਤੇ ਕਈ ਹੋਰ ਮਸ਼ਹੂਰ ਗੀਤ ਲਿਖੇ। ਉਨ੍ਹਾਂ ਦੀ ਕਲਮ ਦੁਆਰਾ ਸਿਰਜੇ ‘ਲਹੂ ਭਿੱਜੇ ਬੋਲ’, ‘ਸੈਨਤਾਂ’ ਤੇ ‘ਚੋਂ ਨੁਕਰੀਆਂ ਸੀਖਾਂ’ ਕਾਵਿ ਸੰਗ੍ਰਿਹ ਹਨ।