ਹਨੂੰਮਾਨ ਜਯੰਤੀ ‘ਤੇ ਹੋਏ ਬਵਾਲ ਤੋਂ ਬਾਅਦ ਦਿੱਲੀ ਦੇ ਜਹਾਂਗੀਰਪੁਰੀ ‘ਚ ਬੁਲਡੋਜ਼ਰ ਚਲਾਏ ਜਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਕਰਾਰਾ ਹਮਲਾ ਬੋਲਿਆ ਹੈ। ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅੱਜ ਭਾਜਪਾ ਗੁੰਡਈ ਤੇ ਲਫੰਗਈ ਦਾ ਦੂਜਾ ਨਾਂ ਬਣ ਗਈ ਹੈ। ਜੇਕਰ ਦੇਸ਼ ਵਿਚ ਗੁੰਡਾਗਰਦੀ ਬੰਦ ਕਰਨੀ ਹੈ ਤਾਂ ਭਾਜਪਾ ਹੈੱਡਕੁਆਰਟਰ ‘ਤੇ ਬੁਲਡੋਜ਼ਰ ਚੱਲਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਹਨੂੰਮਾਨ ਜਯੰਤੀ ‘ਤੇ ਦੋ ਗੁੱਟਾਂ ਵਿਚ ਹਿੰਸਕ ਝੜਪ ਕਰਵਾਉਣ ਦਾ ਦੋਸ਼ ਲਗਾਇਆ ਸੀ। ਇਹੀ ਨਹੀਂ ਪਾਰਟੀ ਨੇ ਕਿਹਾ ਸੀ ਕਿ ਰਾਮ ਨੌਮੀ ਦੇ ਦਿਨ ਦੇਸ਼ ਵਿਚ ਜਿਥੇ-ਜਿਥੇ ਵੀ ਦੰਗੇ ਹੋਏ, ਉਸ ਲਈ ਭਾਜਪਾ ਜ਼ਿੰਮੇਵਾਰ ਹੈ।
ਸਿਸੋਦੀਆ ਨੇ ਕਿਹਾ ਕਿ ਭਾਜਪਾ ਨੇ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਭਾਜਪਾ ਜੇਕਰ ਲਿਸਟ ਦੇ ਦੇਵੇ ਤਾਂ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਵੇਗਾ ਕਿ ਦੇਸ਼ ਵਿਚ ਕਿਥੇ-ਕਿਥੇ ਦੰਗੇ ਹੋਣ ਵਾਲੇ ਹਨ। ਆਪ ਵਿਧਾਇਕ ਅਮਾਨੁਤੁੱਲਾ ਖਾਨ ਨੇ ਵੀ ਜਹਾਂਗੀਰ ਪੁਰੀ ਵਿਚ ਹੋਈ ਬੁਲਡੋਜ਼ਰ ਦੀ ਕਾਰਵਾਈ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸਿਰਫ ਇੱਕ ਭਾਈਚਾਰੇ ਦੇ ਲੋਕਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਰਮਜਾਨ ਦੇ ਮਹੀਨੇ ਵਿਚ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਕਬਜ਼ੇ ਹਟਾਉਣ ਦੇ ਨਾਂ ‘ਤੇ ਲੋਕਾਂ ਦੇ ਘਰ ਢਾਹ ਦਿੱਤੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਮਾਮਲਾ ਸ਼ਾਂਤ ਨਹੀਂ ਹੋਵੇਗਾ ਸਗੋਂ ਹੋਰ ਭੜਕੇਗਾ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਸਾਬਕਾ CM ਚੰਨੀ ਦੇ ਭਾਣਜੇ ਹਨੀ ਦੀ ਜ਼ਮਾਨਤ ‘ਤੇ ਲੱਗੀ ਰੋਕ, ਅਗਲੀ ਸੁਣਵਾਈ 27 ਅਪ੍ਰੈਲ ਨੂੰ
ਗੌਰਤਲਬ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਦੇ ਬਾਅਦ ਜਹਾਂਗੀਰ ਪੁਰੀ ਵਿਚ ਬੁਲਡੋਜ਼ਰ ਦੀ ਕਾਰਵਾਈ ਰੋਕ ਦਿੱਤੀ ਗਈ ਸੀ। ਹਾਲਾਂਕਿ ਕੋਰਟ ਨੇ ਆਰਡਰ ਜਾਣ ਤੱਕ ਲਗਭਗ ਇੱਕ ਘੰਟੇ ਬੁਲਡੋਜ਼ਰ ਨੇ ਕਈ ਘਰਾਂ ਨੂੰ ਕੁਚਲ ਦਿੱਤਾ ਸੀ। ਸ਼ਨੀਵਾਰ ਨੂੰ ਜਹਾਂਗੀਰ ਪੁਰੀ ਵਿਚ ਹਨੂੰਮਾਨ ਜਯੰਤੀ ਦੇ ਬਾਅਦ ਹੋਈ ਹਿੰਸਾ ਦੀ ਸੁਣਵਾਈ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਨੂੰ ਕੋਰਟ ਨੇ ਮਨਜ਼ੂਰ ਕਰ ਲਿਆ ਹੈ। ਹੁਣ ਸੁਪਰੀਮ ਕੋਰਟ ਵਿਚ ਇਸ ਮਾਮਲੇ ‘ਤੇ ਸੁਣਵਾਈ ਹੋਵੇਗੀ।