ਪਿਛਲੇ ਸਾਲ ਨਵੰਬਰ 2021 ਵਿੱਚ ਹੋਏ ਨਵਾਂਸ਼ਹਿਰ ਬੰਬ ਧਮਾਕੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਦੇ ਤਾਰ ਹਿਮਾਚਲ ਨਾਲ ਜੁੜੇ ਹੋਏ ਹਨ। ਪੁਲਿਸ ਨੇ ਹਿਮਾਚਲ ਦੇ ਪਿੰਡ ਸਿੰਗਾ ਦੇ ਬੇਅਬਾਦ ਖੂਹ ਵਿੱਚੋਂ ਇੱਕ ਟਿਫਿਨ ਬੰਬ ਸਣੇ ਇਸ ਦੇ ਪਾਰਟਸ ਵੀ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਡਾ. ਸੰਦੀਪ ਸ਼ਰਮਾ ਪੀ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਬ ਧਮਾਕੇ ਮਾਮਲੇ ਵਿੱਚ 17 ਅਪ੍ਰੈਲ ਨੂੰ ਗ੍ਰਿਫਤਾਰ ਕੀਤੇ ਗਏ ਤਿੰਨ ਦੋਸ਼ੀਆਂ ਰਮਨਦੀਪ ਸਿੰਘ ਉਰਫ ਜੱਖੂ, ਪਰਦੀਪ ਸਿੰਘ ਉਰਫ ਭੱਟੀ ਤੇ ਮਨੀਸ਼ ਕੁਮਾਰ ਉਰਫ ਬਾਬਾ ਤੋੰ ਪੁੱਛ-ਗਿੱਛ ਦੌਰਾਨ ਦੱਸੇ ਗਏ ਟਿਕਾਣਿਆਂ ‘ਤੇ ਰੇਡ ਕੀਤੀ ਗਈ, ਜਿਸ ਮਗਰੋਂ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਦੋ ਦੋਸ਼ੀਆਂ ਕੁਲਦੀਪ ਕੁਮਾਰ ਸੰਨੀ ਪੁੱਤਰ ਪਵਨ ਕੁਮਾਰ ਵਾਸੀ ਲੁਧਿਆਣਾ, ਜੋਕਿ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਨੇੜਲਾ ਸਾਥੀ ਹੈ, ਨੂੰ ਗ੍ਰਿਫਤਾਰ ਕੀਤਾ। ਕੁਲਦੀਪ ਕੁਮਾਰ ਕੋਲੋਂ 1 ਵਿਦੇਸ਼ੀ ਪਿਸਤੌਲ 9 MM ਤੇ 10 ਰੌਂਦ ਜ਼ਿੰਦਾ ਬਰਾਮਦ ਕੀਤੇ ਗਏ।
ਕੁਲਦੀਪ ਕੁਮਾਰ ਤੋਂ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਰਿੰਦਾ ਦੇ ਕਹਿਣ ‘ਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਚੌਂਕੀ ਕਲਵਾ ਥਾਣਾ ਨੂਰਪੁਰਬੇਦੀ ਵਿਖੇ ਆਪਣੇ ਸਾਥੀਆਂ ਸ਼ੁਭਕਰਨ ਉਰਫ ਸਾਜਨ ਪੁੱਤਰ ਲੇਟ ਵਿਜੇ ਕੁਮਾਰ ਵਾਸੀ ਮਜਾਰੀ, ਥਾਣਾ ਨੰਗਲ, ਰੂਪਨਗਰ, ਰੋਹਿਤ ਉਰਫ ਬੱਲੂ ਪੁੱਤਰ ਰੰਗੀ ਰਾਮ ਵਾਸੀ ਪਿੰਡ ਸਿੰਗਾ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਤੇ ਇਨ੍ਹਾਂ ਦੇ ਸਾਥੀਆਂ ਰਾਹੀਂ ਬੰਬ ਧਮਾਕਾ ਕਰਵਾਇਆ ਸੀ ਤੇ ਹਰਵਿੰਦਰ ਰਿੰਦਾ ਵੱਲੋਂ ਭੇਜੀਆਂ ਵੱਖ-ਵੱਖ ਕਨਸਾਈਨਮੈਂਟਾਂ ਆਪਣੇ ਨੇੜਲੇ ਸਾਥੀ ਜਿਤਵੇਸ਼ ਸੇਠੀ ਪੁੱਤਰ ਇਕਬਾਲ ਸਿੰਘ ਸੇਠੀ ਵਾਸੀ ਦਸਮੇਸ਼ ਨਗਰ, ਬੇਗਮਪੁਰ ਨਵਾਂਸ਼ਹਿਰ ਰਾਹੀਂ ਚੁਕਵਾਈਆਂ ਸਨ।
ਦੋਸ਼ੀ ਕੁਲਦੀਪ ਕੁਮਾਰ ਸੰਨੀ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਰੋਹਿਤ ਉਰਫ ਬੱਲੂ, ਸ਼ੁਭਕਰਨ ਉਰਫ਼ ਸਾਜਨ ਅਤੇ ਜਿਵਤੇਸ਼ ਸੇਠੀ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਕੁਲਦੀਪ ਕੁਮਾਰ ਨੇ ਮੰਨਿਆ ਕਿ ਇੱਕ ਟਿਫਿਨ ਬੰਬ ਦੋਸ਼ੀ ਅਮਨਦੀਪ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਸਿੰਗਾ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਨੂੰ ਦਿੱਤਾ, ਜੋ ਉਸ ਨੂੰ ਹਰਵਿੰਦਰ ਸਿੰਘ ਉਰਫ ਰਿੰਦਾ ਵੱਲੋਂ ਭੇਜਿਆ ਗਿਆ ਸੀ। ਇਸੇ ਦੇ ਆਧਾਰ ‘ਤੇ ਦੋਸ਼ੀ ਅਮਨਦੀਪ ਕੁਮਾਰ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ ‘ਤੇ ਅੱਜ ਪਿੰਡ ਸਿੰਗਾ ਦੇ ਬੇਅਬਾਦ ਖੂਹ ਵਿੱਚੋਂ ਇੱਕ ਟਿਫਿਨ ਬੰਬ ਸਣੇ ਇਸ ਦੇ ਪਾਰਟਸ ਤੇ ਇੱਕ LED ਤੇ ਇੱਕ ਪੈੱਨ ਡਰਾਈਵ ਵੀ ਬਰਾਮਦ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕੰਮ ਦੇ ਬਦਲੇ ਕੁਲਦੀਪ ਕੁਮਾਰ ਨੂੰ ਰਿੰਦਾ ਨੇ ਪਾਕਿਸਤਾਨ ਤੋਂ ਕਨਸਾਈਨਮਂਟ ਰਾਹੀਂ 3 ਲੱਖ ਰੁਪਏ ਭਿਜਵਾਏ ਸਨ, ਜਿਨ੍ਹਾਂ ਵਿੱਚੋਂ ਕੁਲਦੀਪ ਸੰਨੀ ਨੇ 1 ਲੱਖ ਰੁਪਏ ਰੋਹਿਤ ਨੂੰ, 10 ਹਜ਼ਾਰ ਰੁਪਏ ਸ਼ੁਭਕਰਨ ਨੂੰ ਦਿੱਤੇ ਸਨ। ਜਿਤਵੇਸ਼ ਸੇਠੀ ਆਪਣੀ ਸਵਿਫਟ ਕਾਰ ਰਾਹੀਂ ਕੁਲਦੀਪ ਕੁਮਾਰ ਸੰਨੀ ਦੇ ਕਹਿਣ ‘ਤੇ ਰਿੰਦਾ ਵੱਲੋਂ ਭੇਜੀਆਂ ਹੋਈਆਂ ਕਨਸਾਈਨਮੈਂਟਾਂ ਲੈ ਕੇ ਆਉਂਦਾ ਰਿਹਾ ਹੈ, ਜਿਸ ਦੇ ਕੁਲਦੀਪ ਸੰਨੀ ਉਸ ਨੂੰ ਇੱਕ ਗੇੜੇ ਦਾ 15 ਹਜ਼ਾਰ ਰੁਪਏ ਦਿੰਦਾ ਸੀ। ਦੋਸ਼ੀ ਜਿਤਵੇਸ਼ ਸੇਠੀ ਕੋਲੋਂ ਇੱਕ ਸਵਿਫਟ ਕਾਰ ਤੇ ਰੋਹਿਤ ਬੱਲੂ ਕੋਲੋਂ ਮਾਰੂਤੀ S-Presso ਕਾਰ ਵੀ ਬਰਾਮਦ ਕੀਤੀਆਂ ਗੀਆਂ ਹਨ।
ਦੋਸ਼ੀ ਕੁਲਦੀਪ ਸੰਨੀ ਸਾਲ 2020 ਵਿੱਚ ਲੁਧਿਆਣਾ ਵਿਖੇ ਮਿਊਂਸੀਪਲ ਕਮੇਟੀ ਦੀਆਂ ਚੋਣਆਂ ਦੌਰਾਨ ਦਰਜ ਹੋਏ ਕਤਲ ਕੇਸ ਵਿੱਚ ਲੋੜੀਂਦਾ ਹੈ ਤੇ ਥਾਣਾ ਸਦਰ ਬੰਗਾ ਵਿੱਚ ਸਾਲ 2016 ਦੌਰਾਨ ਦਰਜ ਹੋਏ ਦੋ ਮੁਕੱਦਮੀਆਂ ਵਿੱਚ ਭਗੌੜਾ ਦੋਸ਼ੀ ਹੈ।