ਗੁਰਦਾਸਪੁਰ ਜ਼ਿਲ੍ਹੇ ਦੀਆਂ ਮੰਡੀਆਂ ਦੇ ਦੌਰੇ ‘ਤੇ ਆਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਕਾਫਲੇ ਲਈ ਰਸਤਾ ਸਾਫ ਕਰਵਾ ਰਹੇ ਏ.ਐੱਸ.ਆਈ. ਨੂੰ ਇੱਕ ਬੱਚੇ ਨੂੰ ਥੱਪੜ ਮਾਰਨਾ ਮਹਿੰਗਾ ਪੈ ਗਿਆ। ਮੰਤਰੀ ਕਟਾਰੂਚੱਕ ਨੇ ਜਿਥੇ ਏ.ਐੱਸ.ਆਈ. ਖਿਲਾਫ ਕਾਰਵਾਈ ਦੇ ਹੁਕਮ ਦਿੱਤੇ, ਉਥੇ ਨਾਲ ਹੀ ਨਰਮੀ ਤੇ ਜ਼ਿੰਦਾਦਿਲੀ ਦੀ ਮਿਸਾਲ ਦਿੰਦਿਆਂ ਰੌਂਦੇ ਬੱਚੇ ਨੂੰ ਜੱਫ਼ੀ ਪਾ ਕੇ ਚੁੱਪ ਕਰਵਾਇਆ।
ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਛੋਟਾ ਬੱਚਾ ਰਿਕਸ਼ਾ ਲੈ ਕੇ ਸੜਕ ਕੰਢੇ ਖੜ੍ਹਾ ਸੀ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਪਹੁੰਚਣ ਤੋਂ ਕੁਝ ਮਿੰਟ ਪਹਿਲਾਂ ਹੀ ਸੜਕ ਸਾਫ਼ ਕਰਵਾ ਰਹੇ ਇੱਕ ਏ.ਐੱਸ.ਆਈ. ਨੇ ਰਿਕਸ਼ੇ ਕੋਲ ਖੜ੍ਹੇ ਬੱਚੇ ਨੂੰ ਥੱਪੜ ਮਾਰ ਕੇ ਰਸਤਾ ਸਾਫ਼ ਕਰਨ ਲਈ ਕਿਹਾ। ਥੱਪੜ ਮਾਰਨ ਤੋਂ ਬਾਅਦ ਬੱਚਾ ਡਰ ਗਿਆ ਅਤੇ ਉੱਚੀ-ਉੱਚੀ ਰੋਣ ਲੱਗਾ। ਇਹ ਦੇਖ ਕੇ ਲੋਕ ਉਥੇ ਇਕੱਠੇ ਹੋ ਗਏ ਅਤੇ ਵੀਆਈਪੀ ਕਲਚਰ ਨੂੰ ਕੋਸਣ ਲੱਗੇ। ਇਸ ਦੌਰਾਨ ਮੰਤਰੀ ਕਟਾਰੂਚੱਕ ਦਾ ਕਾਫਲਾ ਵੀ ਉਥੇ ਪਹੁੰਚ ਗਿਆ।
ਬੱਚੇ ਨੂੰ ਰੌਂਦਾ ਦੇਖ ਕੇ ਅਤੇ ਆਲੇ-ਦੁਆਲੇ ਲੋਕਾਂ ਨੂੰ ਖੜ੍ਹੇ ਦੇਖ ਕੇ ਮੰਤਰੀ ਕਟਾਰੂਚੱਕ ਨੇ ਤੁਰੰਤ ਆਪਣੇ ਕਾਫਲੇ ਨੂੰ ਰੋਕ ਲਿਆ। ਉਹ ਆਪ ਹੀ ਕਾਰ ਤੋਂ ਉਤਰ ਕੇ ਪੁੱਛਣ ਲੱਗੇ ਕਿ ਕੀ ਹੋਇਆ? ਜਦੋਂ ਲੋਕਾਂ ਨੇ ਦੱਸਿਆ ਕਿ ਇੱਕ ਏਐਸਆਈ ਨੇ ਉਨ੍ਹਾਂ ਲਈ ਰਸਤਾ ਸਾਫ਼ ਕਰਨ ਲਈ ਬੱਚੇ ਨੂੰ ਥੱਪੜ ਮਾਰਿਆ ਤਾਂ ਉਹ ਖ਼ੁਦ ਬੱਚੇ ਕੋਲ ਗਏ ਅਤੇ ਉਸ ਨੂੰ ਜੱਫੀ ਪਾ ਕੇ ਚੁੱਪ ਕਰਵਾਇਆ।
ਮੰਤਰੀ ਕਟਾਰੂਚੱਕਰ ਨੇ ਏ.ਐੱਸ.ਆਈ. ਦੇ ਵਤੀਰੇ ਲਈ ਸਭ ਦੇ ਸਾਹਮਣੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਦੀ ਸਰਕਾਰ ਨੇ ਪੰਜਾਬ ਵਿੱਚੋਂ ਵੀ.ਆਈ.ਪੀ. ਕਲਚਰ ਖ਼ਤਮ ਕਰ ਦਿੱਤਾ ਹੈ। ਉਹ ਨਹੀਂ ਚਾਹੁਣਗੇ ਕਿ ਉਨ੍ਹਾਂ ਦੀ ਫੇਰੀ ਦੌਰਾਨ ਅਜਿਹੀ ਘਟਨਾ ਕਦੇ ਵਾਪਰੇ। ਉਨ੍ਹਾਂ ਥਾਣਾ ਧਾਰੀਵਾਲ ਦੇ ਮੁਖੀ ਮਨਜੀਤ ਸਿੰਘ ਅਤੇ ਹਲਕਾ ਇੰਚਾਰਜ ਕਾਦੀਆਂ ਜਗਰੂਪ ਸਿੰਘ ਸੇਖਵਾਂ ਨੂੰ ਫੋਨ ਕਰਕੇ ਕਿਹਾ ਕਿ ਇਸ ਏ.ਐੱਸ.ਆਈ. ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਵੀ ਇਸ ਕਾਰਵਾਈ ਬਾਰੇ ਜਾਣੂ ਕਰਵਾਇਆ ਜਾਵੇ।
ਵੀਡੀਓ ਲਈ ਕਲਿੱਕ ਕਰੋ -: