ਪੰਜਾਬ ਵਿੱਚ ਇੱਕ ਵਾਰ ਫ਼ਿਰ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਸਥਿਤੀ ਇਹ ਹੈ ਕਿ ਕਈ ਸ਼ਹਿਰਾਂ ਵਿੱਚ 4 ਤੋਂ 6 ਘੰਟੇ ਦੇ ਬਿਜਲੀ ਕੱਟ ਰਹੇ ਹਨ। ਮੰਗ ਦੇ ਮੁਕਾਬਲੇ ਬਿਜਲੀ ਦੀ ਘੱਟ ਉਪਲਬਧਤਾ ਦੇ ਸੰਕਟ ਨਾਲ ਨਜਿੱਠ ਰਹੇ ਪਾਵਰਕੌਮ ਲਈ ਸੋਮਵਾਰ ਨੂੰ ਸਥਿਤੀ ਮਿਲੀ-ਜੁਲੀ ਰਹੀ, ਜਿਥੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਖ਼ਰਾਬ ਯੂਨਿਟ ਨੂੰ ਮੁਰੰਮਤ ਕਰਕੇ ਮੁੜ ਚਾਲੂ ਕੀਤਾ ਗਿਆ। ਇਸ ਯੂਨਿਟ ਦੇ ਚਾਲੂ ਹੋਣ ਤੋਂ ਬਾਅਦ ਪਾਵਰਕੌਮ ਨੂੰ ਇਸ ਤੋਂ 169 ਮੈਗਾਵਾਟ ਬਿਜਲੀ ਮਿਲੀ।
ਇਸ ਦੇ ਨਾਲ ਹੀ ਰੂਪਨਗਰ ਥਰਮਲ ਪਲਾਂਟ ਦਾ ਪੰਜਵਾਂ ਯੂਨਿਟ ਜੋ ਦੋ ਦਿਨ ਪਹਿਲਾਂ ਚੱਲਿਆ ਸੀ, ਨੂੰ ਮੁੜ ਬੰਦ ਹੋ ਗਿਆ। ਇਸ ਯੂਨਿਟ ਦੇ ਬੰਦ ਹੋਣ ਕਰਕੇ 150 ਤੋਂ 160 ਮੈਗਾਵਾਟ ਬਿਜਲੀ ਦਾ ਉਤਪਾਦਨ ਘਟ ਗਿਆ ਹੈ। ਸੋਮਵਾਰ ਨੂੰ ਪਾਵਰਕਾਮ ਸੂਬੇ ‘ਚ ਕਰੀਬ 10,670 ਮੈਗਾਵਾਟ ਦੀ ਮੰਗ ਦੇ ਮੁਕਾਬਲੇ ਸਿਰਫ 9100 ਮੈਗਾਵਾਟ ਬਿਜਲੀ ਹੀ ਮੁਹੱਈਆ ਕਰਵਾ ਸਕਿਆ। ਇਸ ਕਰਕੇ ਸੂਬੇ ਵਿੱਚ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਅਣਐਲਾਨੇ ਬਿਜਲੀ ਕੱਟ ਲਾਉਣੇ ਪਏ। ਪਾਵਰਕੌਮ ਦੇ ਸਾਹਮਣੇ ਅਗਲੇ ਕੁਝ ਦਿਨਾਂ ਤੋਂ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ।
ਪਾਵਰਕੌਮ ਨੇ ਸੋਮਵਾਰ ਸ਼ਾਮ ਤੱਕ ਰਾਜ ਦੇ ਪੰਜ ਥਰਮਲ ਪਲਾਟਾਂ ਵਿੱਚੋਂ ਰੋਪੜ ਤੋਂ 774 ਮੈਗਾਵਾਟ, ਲਹਿਰਾ ਮੁਹੱਬਤ ਤੋਂ 768 ਮੈਗਾਵਾਟ, ਰਾਜਪੁਰਾ ਤੋਂ 1338 ਮੈਗਾਵਾਟ, ਤਲਵੰਡੀ ਸਾਬੋ ਤੋਂ 1165 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਤੋਂ 219 ਮੈਗਾਵਾਟ ਬਿਜਲੀ ਹਾਸਲ ਕੀਤੀ। ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਤੋਂ 235 ਮੈਗਾਵਾਟ ਅਤੇ ਵੱਖ-ਵੱਖ ਹਾਈਡਲ ਪ੍ਰਾਜੈਕਟਾਂ ਤੋਂ 445 ਮੈਗਾਵਾਟ ਬਿਜਲੀ ਮਿਲੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪਾਵਰਕੌਮ ਨੇ ਕੇਂਦਰੀ ਪੂਲ ਤੋਂ 4334 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਇਸ ਦੇ ਬਾਵਜੂਦ ਪਾਵਰਕੌਮ ਨੂੰ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚਾਰ ਤੋਂ ਛੇ ਘੰਟੇ ਦੇ ਅਣਐਲਾਨੇ ਬਿਜਲੀ ਕੱਟ ਲਾਉਣੇ ਪਏ। ਜਲੰਧਰ, ਲੁਧਿਆਣਾ, ਮੁਕਤਸਰ, ਬਰਨਾਲਾ, ਫਾਜ਼ਿਲਕਾ, ਬਟਾਲਾ, ਮਾਨਸਾ, ਮੰਡੀ ਗੋਬਿੰਦਗੜ੍ਹ, ਸੁਨਾਮ ਆਦਿ ਇਲਾਕਿਆਂ ਵਿੱਚ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ।