ਮੁੰਬਈ : ਰਾਜ ਧ੍ਰੋਹ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਅਮਰਾਵਤੀ ਦੀ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਅਤੇ ਵਿਧਾਇਕ ਰਵੀ ਰਾਣਾ ਨੂੰ ਜ਼ਮਾਨਤ ਮਿਲ ਗਈ ਹੈ। ਸੈਸ਼ਨ ਕੋਰਟ ਨੇ ਉਨ੍ਹਾਂ ਨੂੰ ਸ਼ਰਤਾਂ ਸਮੇਤ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਦੱਸ ਦੇਈਏ ਕਿ ਸਥਾਨਕ ਪੁਲਿਸ ਨੇ ਹਨੂੰਮਾਨ ਚਾਲੀਸਾ ਵਿਵਾਦ ਨੂੰ ਲੈ ਕੇ ਰਾਣਾ ਜੋੜੇ ਨੂੰ 23 ਅਪ੍ਰੈਲ ਨੂੰ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਸੀ। ਨਵਨੀਤ ਰਾਣਾ ਬਾਈਕੂਲਾ ਦੀ ਮਹਿਲਾ ਜੇਲ੍ਹ ਵਿੱਚ ਹੈ ਜਦੋਂ ਕਿ ਉਨ੍ਹਾਂ ਦਾ ਪਤੀ ਪੂਰਬੀ ਮਹਾਰਾਸ਼ਟਰ ਦੇ ਤਲੋਜਾ ਵਿੱਚ ਸਥਿਤ ਇੱਕ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਨੂੰ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿੱਚ ਦੋ ਭਾਈਚਾਰਿਆਂ ਵਿਚਾਲੇ ਦੁਸ਼ਮਣੀ ਭੜਕਾਉਣ ਅਤੇ ਰਾਜਧ੍ਰੋਹ ਸ਼ਾਮਲ ਸੀ।
ਨਵਨੀਤ ਰਾਣਾ ਅਤੇ ਉਸ ਦੇ ਪਤੀ ਵਿਧਾਇਕ ਰਵੀ ਰਾਣਾ ਨੇ ਜ਼ਮਾਨਤ ਲਈ 25 ਅਪ੍ਰੈਲ ਨੂੰ ਸੈਸ਼ਨ ਕੋਰਟ ਦਾ ਰੁਖ਼ ਕੀਤਾ ਸੀ। ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਰਾਣਾ ਜੋੜੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਨਿੱਜੀ ਰਿਹਾਇਸ਼ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦਾ ਐਲਾਨ ਕੀਤਾ ਸੀ।
ਇਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਅਤੇ ਇਸ ਸਬੰਧ ‘ਚ ਮੁੰਬਈ ਪੁਲਿਸ ਨੇ ਪਤੀ-ਪਤਨੀ ਖਿਲਾਫ ਐੱਫਆਈਆਰ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਆਪਣੀ ਗ੍ਰਿਫਤਾਰੀ ਤੋਂ ਬਾਅਦ ਨਵਨੀਤ ਰਾਣਾ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨਾਲ ਹਵਾਲਾਤ ਵਿੱਚ “ਗੈਰ-ਮਨੁੱਖੀ ਵਤੀਰਾ” ਕੀਤਾ ਗਿਆ ਸੀ। ਉਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਖਾਰ ਥਾਣੇ ਵਿੱਚ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਨਹੀਂ ਦਿੱਤਾ ਗਿਆ ਅਤੇ ਜਾਤੀਵਾਦੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਲੋਕ ਸਭਾ ਸਕੱਤਰੇਤ ਨੇ ਮਹਾਰਾਸ਼ਟਰ ਸਰਕਾਰ ਤੋਂ ਨਵਨੀਤ ਰਾਣਾ ਦੇ ਦੋਸ਼ਾਂ ‘ਤੇ 24 ਘੰਟਿਆਂ ‘ਚ ਜਾਣਕਾਰੀ ਮੰਗੀ ਸੀ।
ਵੀਡੀਓ ਲਈ ਕਲਿੱਕ ਕਰੋ -: