ਚੰਡੀਗੜ੍ਹ : ਪੰਜਾਬ ਪੁਲਿਸ ਨੇ ਵੀਰਵਾਰ ਨੂੰ ਇੱਕ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਤਿੰਨ ਆਈ.ਈ.ਡੀਜ਼ (2.5 ਕਿਲੋਗ੍ਰਾਮ ਹਰੇਕ) ਨਾਲ ਭਰਿਆ ਇੱਕ ਮੈਟਲਿਕ ਕੇਸ ਅਤੇ ਗੋਲਾ ਬਾਰੂਦ ਨਾਲ ਇੱਕ ਪਿਸਤੌਲ ਸਣੇ ਚਾਰ ਸ਼ੱਕੀ ਵਿਅਕਤੀਆਂ ਨੂੰ 300 ਕਿਲੋਮੀਟਰ ਤੋਂ ਵੱਧ ਦਾ ਪਿੱਛਾ ਕਰਕੇ ਗ੍ਰਿਫਤਾਰ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਅਤੇ ਪਰਮਿੰਦਰ ਸਿੰਘ ਤਿੰਨੋਂ ਵਾਸੀ ਪਿੰਡ ਵਿੰਜੋਕੇ, ਜ਼ੀਰਾ, ਫਿਰੋਜ਼ਪੁਰ ਅਤੇ ਲੁਧਿਆਣਾ ਦੇ ਪਿੰਡ ਭੱਟੀਆਂ ਦੇ ਭੁਪਿੰਦਰ ਸਿੰਘ ਵਜੋਂ ਹੋਈ, ਜਿਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੀ ਸੂਚਨਾ ‘ਤੇ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਵੀਕੇ ਭਾਵਰਾ ਨੇ ਦੱਸਿਆ ਕਿ ਕੇਂਦਰੀ ਏਜੰਸੀ ਨੇ ਪਹਿਲਾਂ ਇੱਕ ਇਨਪੁਟ ਸਾਂਝਾ ਕੀਤਾ ਸੀ ਕਿ ਕੁਝ ਸ਼ੱਕੀ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਘੁੰਮ ਰਹੇ ਹਨ, ਜੋ ਵਿਸਫੋਟਕ ਸਮੱਗਰੀ ਅਤੇ ਹਥਿਆਰ ਲੈ ਕੇ ਜਾ ਸਕਦੇ ਹਨ।
ਇਸ ਇਨਪੁਟ ਤੋਂ ਬਾਅਦ ਕਮਾਂਡੈਂਟ ਪੀਏਪੀ ਹਰਕਮਲਪ੍ਰੀਤ ਸਿੰਘ ਖੱਖ ਅਤੇ ਐੱਸ.ਐੱਚ.ਓ. ਐਸ.ਐਸ.ਓ.ਸੀ. ਫਾਜ਼ਿਲਕਾ ਸਤਿੰਦਰਦੀਪ ਸਿੰਘ ਬਰਾੜ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਕੇਂਦਰੀ ਏਜੰਸੀ ਦੀਆਂ ਟੀਮਾਂ ਦੇ ਨਾਲ ਇਨ੍ਹਾਂ ਸ਼ੱਕੀਆਂ ਨੂੰ ਫੜਨ ਲਈ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਛਾਪੇਮਾਰੀ ਕਰ ਰਹੀਆਂ ਸਨ। ਇਨ੍ਹਾਂ ਟੀਮਾਂ ਨੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਅਤੇ ਐਸਏਐਸ ਨਗਰ ਜ਼ਿਲ੍ਹਿਆਂ ਵਿੱਚ ਕੁਝ ਸ਼ੱਕੀ ਟਿਕਾਣਿਆਂ ਦੀ ਪਛਾਣ ਕੀਤੀ ਸੀ।
ਡੀਜੀਪੀ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਨੂੰ ਫਿਰੋਜ਼ਪੁਰ ਦੇ ਖੇਤਰ ਵਿੱਚ ਘੁੰਮਦਾ ਵੇਖਿਆ ਗਿਆ ਸੀ ਅਤੇ ਬਾਅਦ ਵਿੱਚ ਉਹ ਇੱਕ ਚਿੱਟੇ ਰੰਗ ਦੀ ਇਨੋਵਾ ਗੱਡੀ DL1VB7869 ਵਿੱਚ ਲੁਧਿਆਣਾ ਵੱਲ ਜਾਣ ਲੱਗੇ। ਇਨ੍ਹਾਂ ਸ਼ੱਕੀਆਂ ਨੇ ਨੈਸ਼ਨਲ ਹਾਈਵੇਅ ਤੋਂ ਅੰਬਾਲਾ ਵੱਲ ਵਧਣਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਤੁਰੰਤ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਸੰਪਰਕ ਕੀਤਾ, ਜਿਸ ਨੇ ਕਰਨਾਲ ਵਿੱਚ ਉਨ੍ਹਾਂ ਦੀ ਗੱਡੀ ਰੋਗੀ ਤੇ ਮੁਲਜ਼ਮਾਂ ਨੂੰ ਆਈ.ਈ.ਡੀ. ਨਾਲ ਗ੍ਰਿਫਤਾਰ ਕੀਤਾ।
ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਪਾਕਿਸਤਾਨ ਆਧਾਰਤ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਉਰਫ਼ ਰਿੰਦਾ ਲਈ ਕੰਮ ਕਰਦੇ ਸਨ। ਜ਼ਿਕਰਯੋਗ ਹੈ ਕਿ ਰਿੰਦਾ, ਪੰਜਾਬ, ਚੰਡੀਗੜ੍ਹ, ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਸਰਗਰਮ ਇੱਕ ਬਦਨਾਮ ਗੈਂਗਸਟਰ ਹੈ ਅਤੇ ਪੰਜਾਬ ਪੁਲਿਸ ਨੂੰ ਕਤਲ, ਕੰਟਰੈਕਟ ਕਿਲਿੰਗ, ਡਕੈਤੀ, ਫਿਰੌਤੀ ਅਤੇ ਸਨੈਚਿੰਗ ਸਣੇ ਕਈ ਘਿਨਾਉਣੇ ਅਪਰਾਧਾਂ ਵਿੱਚ ਲੋੜੀਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਹ ਲੋਕ ਗੱਡੀ ਵਿੱਚ ਵਿਸਫੋਟਕ ਲੈ ਕੇ ਪੰਜਾਬ ਤੋਂ ਦਿੱਲੀ ਵੱਲ ਜਾ ਰਹੀ ਸਨ, ਹਰਿਆਣਾ ਪੁਲਿਸ ਨੂੰ ਪੰਜਾਬ ਪੁਲਿਸ ਵੱਲੋਂ ਸੂਚਨਾ ਮਿਲਣ ਮਗਰੋਂ ਟੀਮਾਂ ਨੂੰ ਬਸਤਾਰਾ ਟੋਲ ਪਲਾਜ਼ਾ ਤੇ ਨਾਕਾ ਲਗਾਉਣ ਲਈ ਭੇਜਿਆ ਗਿਆ ਸੀ, ਜਿਥੇ ਗੱਡੀਆਂ ਦੀ ਚੈਕਿੰਗ ਦੌਰਾਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।