ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਅੱਜ ਸਰਕਾਰੀ ਡਿਸਪੈਂਸਰੀ ‘ਤੇ ਰੇਡ ਮਾਰੀ। ਜਦੋਂ ਉਹ ਡਿਸਪੈਂਸਰੀ ਪਹੁੰਚੇ ਤਾਂ ਡਾਕਟਰ ਗੈਰ-ਹਾਜ਼ਰ ਮਿਲੀ। ਉਨ੍ਹਾਂ ਕਰਮਚਾਰੀਆਂ ਤੋਂ ਹਾਜ਼ਰੀ ਰਜਿਸਟਰ ਮੰਗਿਆ ਤਾਂ ਪਤਾ ਲੱਗਾ ਕਿ ਉਹ ਵੀ ਡਾਕਟਰ ਦੇ ਕੋਲ ਹੀ ਹੈ। ਇਸ ਨੂੰ ਉਨ੍ਹਾਂ ਨੇ ਆਪਣੇ ਕਮਰੇ ਵਿੱਚ ਰੱਖ ਤੇ ਜਿੰਦਰਾ ਮਾਰਿਆ ਹੋਇਆ ਹੈ। ਇਹ ਵੇਖ ਕੇ ਗੁੱਸੇ ਵਿੱਚ ਆਏ ਕੇ ਵਿਧਾਇਕ ਨੇ ਡਿਸਪੈਂਸਰੀ ‘ਤੇ ਵੀ ਆਪਣਾ ਵੀ ਜਿੰਦਰਾ ਲਾ ਦਿੱਤਾ।
ਵਿਧਾਇਕ ਲਾਭ ਸਿੰਘ ਉਗੋਕੇ ਵੀਰਵਾਰ ਸਵੇਰੇ 9 ਵਜੇ ਪਿੰਡ ਪੱਖੋ ਦੀ ਸਰਕਾਰੀ ਡਿਸਪੈਂਸਰੀ ਵਿੱਚ ਪਹੁੰਚੇ ਸਨ। ਵਿਧਾਇਕ ਨੇ ਸਟਾਫ ਤੋਂ ਰਿਕਾਰਡ ਮੰਗਿਆ ਤਾਂ ਸਾਰੇ ਡਾਕਟਰ ਦੇ ਹੀ ਕਬਜ਼ੇ ਵਿੱਚ ਸਨ। ਇਸ ਮਗਰੋਂ ਉਨ੍ਹਾਂ ਨੇ ਤੁਰੰਤ ਸੀਨੀਅਰ ਸਿਹਤ ਅਫਸਰਾਂ ਨੂੰ ਕਾਲ ਕੀਤੀ। ਉਨ੍ਹਾਂ ਕਿਹਾ ਕਿ ਗੈਰ-ਹਾਜ਼ਰ ਡਾਕਟਰ ਨੂੰ ਤਲਬ ਕਰੋ। ਡਿਸਪੈਂਸਰੀ ਦਾ ਜਿੰਦਰਾ ਉਦੋਂ ਖੁੱਲ੍ਹੇਗਾ ਜਦੋਂ ਉਹ ਉਨ੍ਹਾਂ ਨੂੰ ਬੁਲਾਉਣਗੇ।
ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਪਿੰਡ ਦੇ ਲੋਕ ਵਾਰ-ਵਾਰ ਸ਼ਿਕਾਇਤ ਕਰ ਰਹੇ ਸਨ। ਡਿਸਪੈਂਸਰੀ ਵਿੱਚ ਤਾਇਨਾਤ ਡਾਕਟਰ ਨਵਪ੍ਰੀਤ ਕੌਰ ਡਿਊਟੀ ਤੋਂ ਗੈਰ-ਹਾਜ਼ਰ ਰਹਿੰਦੀ ਹੈ। ਪਿੰਡ ਵਿੱਚ ਇਲਾਜ ਲਈ ਇਹੀ ਡਿਸਪੈਂਸਰੀ ਇੱਕ ਸਹਾਰਾ ਹੈ। ਅੱਜ ਉਹ ਖੁਦ ਜਾਂਚ ਕਰਨ ਪਹੁੰਚੇ ਤਾਂ ਡਾ. ਨਵਪੀਤ ਕੌਰ ਤੇ ਦਾਈ ਸੁਖਦੇਵ ਕੌਰ ਗੈਰ-ਹਾਜ਼ਰ ਮਿਲੀਆਂ। ਉਨ੍ਹਾਂ ਸਿਹਤ ਵਿਭਾਗ ਦੇ ਸੀਨੀਅਰ ਅਫਸਰਾਂ ਨੂੰ ਖੁਦ ਪੱਖੋ ਡਿਸਪੈਂਸਰੀ ਆਉਣ ਲਈ ਕਿਹਾ ਹੈ। ਉਦੋਂ ਹਾਜ਼ਰੀ ਰਜਿਸਟਰ ਵੀ ਚੈੱਕ ਕੀਤਾ ਜਾਵੇਗਾ ਕਿ ਕਿਤੇ ਬਾਅਦ ਵਿੱਚ ਤਾਂ ਹਾਜ਼ਰੀ ਨਹੀਂ ਲਗਾ ਲਈ।
ਵੀਡੀਓ ਲਈ ਕਲਿੱਕ ਕਰੋ -: