ਸ਼੍ਰੋਮਣੀ ਅਕਾਲੀ ਦਲ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ 5ਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਸਾਰੇ ਪੰਜਾਬ ‘ਚੋਂ ਅੱਵਲ ਆਉਣ ਵਾਲੀ ਜ਼ਿਲ੍ਹਾ ਮਾਨਸਾ ਦੇ ਪਿੰਡ ਧਰਮਪੁਰਾ ਦੀ ਬੱਚੀ ਸੁਖਮਨ ਕੌਰ ਦੇ ਘਰ ਪਹੁੰਚੇ। ਉਨ੍ਹਾਂ ਸੁਖਮਨ ਦੀ ਇਸ ਸਫ਼ਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਤੇ ਪਿਆਰ ਭੇਟ ਕੀਤਾ ਤੇ ਉਸ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ।
ਸੁਖਮਨ ਨੇ ਪੰਜਵੀਂ ਜਮਾਤ ਵਿੱਚ 500 ਵਿੱਚੋਂ 500 ਅੰਕ ਹਾਸਲ ਕੀਤੇ ਹਨ। ਬੀਬਾ ਬਾਦਲ ਨੇ ਕਿਹਾ ਕਿ ਸੁਖਮਨ ਦੇ ਪਿਤਾ ਰਣਜੀਤ ਸਿੰਘ ਤੇ ਮਾਤਾ ਚਰਨਜੀਤ ਕੌਰ ਵੀ ਬਰਾਬਰ ਵਧਾਈ ਦੇ ਪਾਤਰ ਹਨ ਜਿਹੜੇ ਆਪਣੀ ਇਸ ‘ਨੰਨ੍ਹੀ ਛਾਂ ਧੀ ਦਾ ਸਤਿਕਾਰ ਕਰਦੇ ਹਨ ਤੇ ਪੁੱਤਾਂ ਵਾਂਗੂ ਪਿਆਰ ਕਰਦੇ ਹਨ।
ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਅਜਿਹੇ ਹਜ਼ਾਰਾਂ ਪਰਿਵਾਰ ਹਨ, ਜਿਨ੍ਹਾਂ ਨੇ ਨੰਨ੍ਹੀ ਛਾਂ ਨਾਲ ਜੁੜ ਕੇ ਧੀ-ਪੁੱਤ ਦਾ ਫ਼ਰਕ ਮਿਟਾਇਆ, ਅਤੇ ਪੜ੍ਹਾਈ ਤੇ ਖੇਡਾਂ ਸਮੇਤ ਵੱਖੋ-ਵੱਖ ਖੇਤਰਾਂ ‘ਚ ਸਾਡੀਆਂ ਧੀਆਂ ਦੀਆਂ ਕਾਮਯਾਬੀਆਂ ਦੇ ਨਤੀਜੇ ਲਗਾਤਾਰ ਸਾਡੇ ਸਾਹਮਣੇ ਆ ਰਹੇ ਹਨ।
ਦੱਸ ਦੇਈਏ ਕਿ ਪਿਛਲੇ ਹਫਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਜਮਾਤ ਦੇ ਨਤੀਜੇ ਜਾਰੀ ਕੀਤੇ ਸਨ, ਜਿਸ ਵਿੱਚ ਸੁਖਮਨ ਸੌ ਫੀਸਦੀ ਅੰਕ ਹਾਸਲ ਕਰਕੇ ਪੂਰੇ ਪੰਜਾਬ ਵਿੱਚ ਅੱਵਲ ਆਈ। ਸੁਖਮਨ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰੇਗੀ ਅਤੇ ਉਹ ਵੱਡੀ ਹੋ ਕੇ ਅਧਿਆਪਿਕਾ ਬਣੇਗੀ।
ਵੀਡੀਓ ਲਈ ਕਲਿੱਕ ਕਰੋ -: