UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਿਆਨ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਰਿਪੋਰਟਾਂ ਮੁਤਬਕ ਸਰਕਾਰ ਨੇ ਖਲੀਫਾ ਦੇ ਦਿਹਾਂਤ ਦੀ ਪੁਸ਼ਟੀ ਕਰ ਦਿੱਤੀ ਹੈ। ਦੇਸ਼ ਵਿੱਚ 40 ਦਿਨ ਦਾ ਕੌਮੀ ਸੋਦ ਐਲਾਨ ਦਿੱਤਾ ਗਿਆ ਹੈ। ਇਸ ਦੌਰਾਨ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ। ਤਿੰਨ ਦਿਨ ਤੱਕ ਸਾਰੇ ਸਰਕਾਰੀ ਦਫਤਰ ਤੇ ਮੰਤਰਾਲੇ ਬੰਦ ਰਹਿਣਗੇ। ਇਨ੍ਹਾਂ ਵਿੱਚ ਪ੍ਰਾਈਵੇਟ ਸੈਕਟਰ ਵੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਬੂ ਧਾਬੀ ਦੇ ਸ਼ਾਸਕ ਸ਼ੇਖ ਖਲੀਫਾ ਦੇ ਦਿਹਾਂਤ ‘ਤੇ ਸੋਗ ਜਤਾਇਆ ਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਤੇ ਯੂ.ਏ.ਈ. ਦੇ ਸਬੰਧ ਖੁਸ਼ਹਾਲ ਹੋਏ। ਭਾਰਤ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿੱਚ ਸ਼ਨੀਵਾਰ ਨੂੰ ਪੂਰੇ ਭਾਰਤ ਵਿੱਚ ਇੱਕ ਦਿਨ ਦਾ ਰਾਜਕੀ ਸੋਗ ਰੱਖਣ ਦਾ ਫੈਸਲਾ ਕੀਤਾ ਹੈ। ਭਾਰਤ ਦੇ ਗ੍ਰਹਿ ਮੰਤਰਾਲੇ ਦੇ ਸੰਦੇਸ਼ ਮੁਤਾਬਕ ਇੱਕ ਦਿਨ ਦੇ ਰਾਜਕੀ ਸੋਗ ਦੌਰਾਨ ਸਰਾਕਰੀ ਇਮਾਰਤਾਂ ‘ਤੇ ਕੌਮੀ ਝੰਡੇ ਨੂੰ ਅੱਧਾ ਝੁਕਾ ਦਿੱਤਾ ਜਾਏਗਾ ਤੇ ਮਨੋਰੰਜਨ ਦਾ ਕੋਈ ਵੀ ਅਧਿਕਾਰਕ ਪ੍ਰੋਗਰਾਮ ਨਹੀਂ ਹੋਵੇਗਾ।
ਸ਼ੇਖ ਖਲੀਫਾ 3 ਨਵੰਬਰ 2004 ਤੋਂ UAE ਰਾਸ਼ਟਰਪਤੀ ਤੇ ਆਬੂਧਾਬੀ ਦੇ ਸ਼ਾਸਕ ਸਨ। ਉਨ੍ਹਾਂ ਦੇ ਪਿਤਾ ਜਾਏਦ ਬਿਨ ਸੁਲਤਾਨ ਅਲ ਨਾਹਿਆਨ 1971 ਤੋਂ 2004 ਤੱਕ ਰਾਸ਼ਟਰਪਤੀ ਰਹੇ। ਉਹ ਦੇਸ਼ ਦੇ ਪਹਿਲੇ ਰਾਸ਼ਟਰਪਤੀ ਸਨ। 1948 ਨੂੰ ਪੈਦਾ ਹੋਏ ਸ਼ੇਖ ਖਲੀਫਾ ਆਬੂਧਾਬੀ ਦੇ 16ਵੇਂ ਅਮੀਰ ਸ਼ਾਸਕ ਸਨ। ਉਨ੍ਹਾਂ ਨੇ UAE ਤੇ ਆਬੂਧਾਬੀ ਦੇ ਐਡਮਿਨਿਸਟ੍ਰੇਟਿਵ ਸਟਰੱਕਚਰ ਯਾਨੀ ਸ਼ਾਸਨ ਵਿਵਸਥਾ ਵਿੱਚ ਅਹਿਮ ਸੁਧਾਰ ਕੀਤੇ।
ਦੱਸ ਦੇਈਏ ਕਿ ਪਿਛਲੇ 8 ਸਾਲਾਂ ਵਿੱਚ ਭਾਰਤ ਤੇ ਯੂਏਈ ਵਿਚਾਲੇ ਕੂਟਨੀਤਕ ਪੱਧਰ ‘ਤੇ ਸੰਬੰਧ ਕਾਫੀ ਗੂੜੇ ਹੋਏ। ਇਸ ਦੇ ਨਾਲ ਸ਼ੇਖ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਚੰਗੀ ਬਾਂਡਿੰਗ ਸੀ ਤੇ ਉਨ੍ਹਾਂ ਦੇ ਰਹਿੰਦੇ ਹੀ ਅਮਰੀਕਾ ਦੀ ਮਦਦ ਨਾਲ ਇਜ਼ਰਾਈਲ ਨਾਲ ਯੂ.ਏ.ਈ. ਦੇ ਸੰਬੰਧ ਚੰਗੇ ਹੋਏ ਸਨ ਜੋਕਿ ਕੌਮਾਂਤਰੀ ਸ਼ਾਂਤੀ ਲਈ ਇੱਕ ਅਹਿਮ ਪ੍ਰਾਪਤੀ ਮੰਨੀ ਜਾਂਦੀ ਹੈ।