ਨਾਰਥ ਕੋਰੀਆ ਵਿੱਚ ਕੋਰੋਨਾ ਦੀ ਦਸਤਕ ਤੋਂ ਬਾਅਦ ਕਿਮ ਜੋਂਗ ਉਨ ਨੇ ਇਸ ਨੂੰ ਦੇਸ਼ ਲਈ ਸਭ ਤੋਂ ਵੱਡਾ ਸੰਕਟ ਦੱਸਿਆ। ਸ਼ਨੀਵਾਰ ਨੂੰ ਨਾਰਥ ਕੋਰੀਆ ਵਿੱਚ ਕੁਲ 27 ਮੌਤਾਂ ਦਰਜ ਕੀਤੀਆਂ ਗਈਆਂ। ਹਾਲਾਂਕਿ ਸਟੇਟ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਮੌਤਾਂ ਕੋਰੋਨਾ ਕਰਕੇ ਨਹੀਂ ਸਗੋਂ ਬੁਖਾਰ ਕਰਕੇ ਹੋਈਆਂ ਹਨ।
ਦੋ ਸਾਲਾਂ ਤੋਂ ਕੋਰੋਨਾ ਦੁਨੀਆ ਭਰ ਵਿੱਚ ਤਬਾਹੀ ਮਚਾ ਰਿਹਾ ਹੈ। ਇਸ ਦੇ ਬਾਵਜੂਦ ਨਾਰਥ ਕੋਰੀਆ ਵਿੱਚ ਇੱਕ ਵੀ ਕੋਰੋਨਾ ਕੇਸ ਦੀ ਪੁਸ਼ਟੀ ਨਹੀਂ ਹੋਈ ਸੀ, ਪਰ 12 ਮਈ ਨੂੰ ਇਥੇ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ, ਇਸ ਤੋਂ ਬਾਅਦ ਕਿਮ ਜੋਂਗ ਨੇ ਦੇਸ਼ ਵਿੱਚ ਲੌਕਡਾਊਨ ਐਲਾਨ ਦਿੱਤਾ।
ਰਿਪੋਰਟਾਂ ਮੁਤਾਬਕ ਅਪ੍ਰੈਲ ਤੋਂ ਹੁਣ ਤੱਕ 27 ਸ਼ੱਕੀ ਮੌਤਾਂ ਹੋਈਆਂ ਹਨ। ਸਾਰੇ ਮਰਨ ਵਾਲਿਆਂ ਵਿੱਚ ਕੋਰੋਨਾ ਵਰਗੇ ਲੱਛਣ ਸਨ, ਹਾਲਾਂਕਿ ਇਨ੍ਹਾਂ ਵਿੱਚ ਕੋਰੋਨਾ ਦੀ ਪੁਸ਼ਟੀ ਨਹੀਂ ਹੋਈ। ਰਿਪੋਰਟਾਂ ਮੁਤਾਬਕ ਦੇਸ਼ ਵਿੱਚ ਕੋਰੋਨਾ ਦੀ ਬਹੁਤ ਸੀਮਤ ਜਾਂਚ ਹੋਈ ਹੈ। ਸਰਕਾਰ ਨੇ 13 ਮਈ ਨੂੰ ਦੇਸ਼ ਵਿੱਚ ਓਮੀਕ੍ਰਾਨ ਵੇਰੀਐਂਟ ਨਾਲ ਸਿਰਫ ਇੱਕ ਮੌਤ ਦੀ ਪੁਸ਼ਟੀ ਕੀਤੀ।
ਇੱਕ ਨਿਊਜ਼ ਏਜੰਸੀ ਮੁਤਾਬਕ ਰਾਜਧਾਨੀ ਪਿਓਂਗਯਾਂਗ ਵਿੱਚ ਅਪ੍ਰੈਲ ਦੇ ਅਖਰੀ ਤੋਂ ਵੱਡੀ ਗਿਣਤੀ ਵਿੱਚ ਲੋਕ ਬੁਖਾਰ ਦੀ ਲਪੇਟ ਵਿੱਚ ਆਉਣ ਲੱਗੇ। ਇਹ ਬੁਖਾਰ ਫੈਲ ਕੇ ਪਿਓਂਗਯਾੰਗ ਦੇ ਬਾਹਰ ਪਹੁੰਚ ਗਿਆ। ਦੇਸ਼ ਵਿੱਚ ਹੁਣ ਤੱਕ 3 ਲੱਖ 50 ਹਜ਼ਾਰ ਲੋਕਾਂ ਵਿੱਚ ਬੁਖਾਰ ਦੇ ਲੱਛਣ ਵੇਖੇ ਗਏ ਹਨ। ਇਨ੍ਹਾਂ ਵਿੱਚੋਂ ਕਿੰਨੇ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ, ਇਹ ਸਾਫ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: