ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਉਂਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲਕਾਂਡ ਦੇ ਦੋਸ਼ੀ ਏਜੀ ਪੇਰਾਰਿਵਲਨ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਪੇਰਾਰਿਵਲਨ ਪਿਛਲੇ 31 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਪੇਰਾਰਿਵਲਨ ਨੇ ਆਪਣੀ ਰਿਹਾਈ ਵਿੱਚ ਦੇਰ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਿੱਤੀ ਸੀ। ਸਾਲ 2018 ‘ਚ ਤਾਮਿਲਨਾਡੂ ਸਰਕਾਰ ਨੇ ਉਸ ਦੀ ਰਿਹਾਈ ਦੀ ਸਿਫਾਰਿਸ਼ ਕੀਤੀ ਸੀ। ਇਸ ਤੋਂ ਬਾਅਦ ਮਾਮਲਾ ਕਾਨੂੰਨੀ ਪੇਚ ਵਿੱਚ ਉਲਝ ਗਿਆ ਸੀ।
ਜਸਟਿਸ ਐੱਲ. ਨਾਗੇਸ਼ਵਰ ਰਾਓ ਦੀ ਅਗਵਾਈ ਵਾਲੇ ਬੈਂਚ ਨੇ ਧਾਰਾ 142 ਤਹਿਤ ਆਪਣੇ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰਦਿਆਂ ਪੇਰਾਰਿਵਲਨ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਬੈਂਚ ਨੇ ਕਿਹਾ ਕਿ ਸੂਬਾ ਮੰਤਰੀ ਮੰਡਲ ਨੇ ਸਬੰਧਤ ਵਿਚਾਰ-ਵਟਾਂਦਰੇ ਦੇ ਆਧਾਰ ‘ਤੇ ਆਪਣਾ ਫੈਸਲਾ ਲਿਆ। ਧਾਰਾ 142 ਦੀ ਵਰਤੋਂ ਕਰਕੇ ਦੋਸ਼ੀ ਨੂੰ ਰਿਹਾਅ ਕਰਨਾ ਉਚਿਤ ਹੋਵੇਗਾ। ਦੱਸਣਯੋਗ ਹੈ ਕਿ ਸੰਵਿਧਾਨ ਦੀ ਧਾਰਾ 142 ਸੁਪਰੀਮ ਕੋਰਟ ਨੂੰ ਉਹ ਵਿਸ਼ੇਸ਼ ਅਧਿਕਾਰ ਦਿੰਦੀ ਹੈ, ਜਿਸ ਤਹਿਤ ਸਬੰਧਤ ਮਾਮਲੇ ਵਿੱਚ ਕੋਈ ਹੋਰ ਕਾਨੂੰਨ ਲਾਗੂ ਨਾ ਹੋਣ ਤੱਕ ਉਸ ਦਾ ਫੈਸਲਾ ਸਭ ਤੋਂ ਉਪਰ ਮੰਨਿਆ ਜਾਂਦਾ ਹੈ।
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲ ਏ.ਜੀ. ਪੇਰਾਰਿਵਲਨ ਨੂੰ ਅਦਾਲਤ ਨੇ 9 ਮਾਰਚ ਨੂੰ ਜ਼ਮਾਨਤ ਦੇ ਦਿੱਤੀ ਸੀ ਕਿਉਂਕਿ ਸਜ਼ਾ ਅਤੇ ਪੈਰੋਲ ਦੀ ਸਜ਼ਾ ਕੱਟਣ ਦੌਰਾਨ ਉਸ ਦੇ ਵਤੀਰੇ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ। ਸੁਪਰੀਮ ਕੋਰਟ 47 ਸਾਲਾ ਪੇਰਾਰਿਵਲਨ ਦੀ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ‘ਮਲਟੀ-ਡਿਸਿਪਲਨਰੀ ਮਾਨੀਟਰਿੰਗ ਏਜੰਸੀ’ (MDMA) ਵੱਲੋਂ ਜਾਂਚ ਪੂਰੀ ਹੋਣ ਤੱਕ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ 21 ਮਈ 1991 ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ ਵਿੱਚ ਇੱਕ ਜਨ ਸਭਾ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਪੇਰਾਰਿਵਲਨ ਨੂੰ 11 ਜੂਨ 1991 ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਆਤਮਘਾਤੀ ਹਮਲਾ ਸੀ। ਬੰਬ ਧਮਾਕੇ ਲਈ ਇਸਤੇਮਾਲ ਕੀਤੀਆਂ ਗਈਆਂ ਦੋ 9 ਵੋਲਟ ਦੀ ਬੈਟਰੀ ਖਰੀਦ ਕੇ ਮਾਸਟਰਮਾਈਂਡ ਸ਼ਿਵਰਾਸਨ ਨੂੰ ਪੇਰਾਰਿਵਲਨ ਨੇ ਹੀ ਦਿੱਤੀਆਂ ਸਨ।